ਮਹਿਲ ਕਲਾਂ, 24 ਫਰਵਰੀ (ਅਣਖੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਭਾਜਪਾ ਦੀਆਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਸਰਗਰਮੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਹਲਕਾ ਮਹਿਲ ਕਲਾਂ ਦੇ ਵਿਕਾਸ ਨਾਲ ਜੁੜੀਆਂ ਮੁੱਖ ਸਮੱਸਿਆਵਾਂ ਅਤੇ ਲੋਕ ਮੰਗਾਂ ਬਾਰੇ ਵਿਸਥਾਰ ਨਾਲ ਦੱਸਿਆ | ਬੀਬੀ ਘਨੌਰੀ ਨੇ ਹਲਕੇ ਦੀਆਂ ਬੁਨਿਆਦੀ ਲੋੜਾਂ, ਨੌਜਵਾਨਾਂ ਲਈ ਰੋਜ਼ਗਾਰ, ਸੜਕਾਂ ਅਤੇ ਹੋਰ ਜਨਤਕ ਸੁਵਿਧਾਵਾਂ ਸਬੰਧੀ ਜਾਣੂ ਕਰਵਾਇਆ | ਉਨ੍ਹਾਂ ਨੇ ਕਿਹਾ ਕਿ ਮਹਿਲ ਕਲਾਂ ਹਲਕੇ ਦੇ ਲੋਕ ਵਿਕਾਸ ਦੀ ਉਮੀਦ ਨਾਲ ਕੇਂਦਰ ਸਰਕਾਰ ਵੱਲ ਤੱਕ ਰਹੇ ਹਨ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਸਲਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਭਲਾਈ ਅਤੇ ਖੇਤਰ ਦੇ ਵਿਕਾਸ ਸਰਕਾਰ ਦੀ ਪਹਿਲ ਹੈ ਅਤੇ ਸੰਭਵ ਸਹਿਯੋਗ ਦਿੱਤਾ ਜਾਵੇਗਾ | ਬੀਬੀ ਘਨੌਰੀ ਨੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਥਿਤੀ ਸਬੰਧੀ ਵੀ ਵਿਚਾਰ ਚਰਚਾ ਕੀਤੀ | ਉਨ੍ਹਾਂ ਭਾਜਪਾ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਅਤੇ ਜਿੱਤ ਯਕੀਨੀ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਦਿੱਤੇ | ਉਨ੍ਹਾਂ ਨੇ ਕਿਹਾ ਕਿ ਵਰਕਰਾਂ ਦੀ ਮਜ਼ਬੂਤ ਤਿਆਰੀ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਪਾਰਟੀ ਦੀ ਸਫਲਤਾ ਦੀ ਕੁੰਜੀ ਹੋਵੇਗੀ | ਬੀਬੀ ਘਨੌਰੀ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਸੈਣੀ ਨਾਲ ਮਿਲ ਕੇ ਖ਼ੁਸ਼ੀ ਮਹਿਸੂਸ ਹੋਈ ਅਤੇ ਉਮੀਦ ਹੈ ਕਿ ਹਲਕੇ ਦੀਆਂ ਮੰਗਾਂ 'ਤੇ ਜਲਦੀ ਗ਼ੌਰ ਹੋਵੇਗੀ |