ਤਪਾ ਮੰਡੀ, 25 ਫਰਵਰੀ (ਪ੍ਰਵੀਨ ਗਰਗ)-ਦਿਨ ਚੜ੍ਹਦੇ ਹੀ ਨਾਮਦੇਵ ਮਾਰਗ 'ਤੇ ਨਵੇਂ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇੱਕ ਕਬਾੜ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਹੈ ਜਦ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਜਾਣਕਾਰੀ ਅਨੁਸਾਰ ਕਬਾੜੀਆ ਕਰਤਾਰ ਰਾਮ ਵਾਸੀ ਰੂੜੇਕੇ ਕਲਾਂ ਜਿਸ ਨੇ ਜਗ੍ਹਾ ਕਿਰਾਏ 'ਤੇ ਲੈ ਕੇ ਕਬਾੜ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ | ਜਿੱਥੇ ਉਸ ਨੇ ਦੁਕਾਨ ਦੇ ਨਾਲ ਪਲਾਟ ਦੇ ਵਿਚ ਕਬਾੜ ਇਕੱਠਾ ਕੀਤਾ ਹੋਇਆ ਸੀ ਤਾਂ ਸਵੇਰ ਸਮੇਂ ਆਂਢ ਗਵਾਂਢ ਦੇ ਲੋਕਾਂ ਨੇ ਧੰੂਆਂ ਉੱਠਦਾ ਦੇਖਿਆ | ਜਦ ਉਨ੍ਹਾਂ ਨੇ ਅੰਦਰ ਨਜ਼ਰ ਮਾਰੀ ਤਾਂ ਕਬਾੜ ਨੂੰ ਅੱਗ ਲੱਗੀ ਹੋਈ ਸੀ, ਸਬੰਧੀ ਕਬਾੜੀਏ ਨੂੰ ਸੂਚਿਤ ਕੀਤਾ | ਕਬਾੜੀਏ ਨੇ ਤੁਰੰਤ ਅੱਗ ਲੱਗਣ ਦੀ ਘਟਨਾ ਸਬੰਧੀ ਸੂਚਨਾ ਤਪਾ ਵਿਖੇ ਰਹਿ ਰਹੇ ਆਪਣੇ ਸਕੇ ਸੰਬੰਧੀਆਂ ਨੂੰ ਦਿੱਤੀ | ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਗੇਟ ਦੇ ਜਿੰਦਰੇ ਭੰਨੇ ਤੇ ਮੌਕਾ ਦੇਖ ਕੇ ਫਾਇਰ ਬਿ੍ਗੇਡ ਤਪਾ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੇ ਡਰਾਈਵਰ ਸੁਖਪ੍ਰੀਤ ਸਿੰਘ, ਫਾਇਰਮੈਨ ਲਵਪ੍ਰੀਤ ਸਿੰਘ ਅਤੇ ਰਾਜਦੀਪ ਸਿੰਘ ਮੌਕੇ 'ਤੇ ਪੁੱਜੇ, ਜਿਨ੍ਹਾਂ ਬੜੀ ਮਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ | ਇਸ ਘਟਨਾ 'ਚ ਕਬਾੜੀਏ ਦਾ ਪਲਾਸਟਿਕ, ਰੱਦੀ, ਟਾਇਰ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਕਬਾੜੀਏ ਦੀ ਦੁਕਾਨ ਵਿਚ ਚੋਰੀ ਹੋ ਜਾਣ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ | ਉੱਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦੇ ਹੀ ਤਪਾ ਪੁਲਿਸ ਦੇ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਸਨ |