ਬਰਨਾਲਾ, 25 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਅਤੇ ਰਾਮਬਾਗ ਕਮੇਟੀ ਬਰਨਾਲਾ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ ਵਿਚ ਪ੍ਰਧਾਨ ਭਾਰਤ ਮੋਦੀ ਦੇ ਅਚਾਨਕ ਦਿਹਾਂਤ 'ਤੇ ਜਿੱਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਉੱਥੇ ਉਨ੍ਹਾਂ ਵਲੋਂ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਲਈ ਕੀਤੇ ਗਏ ਅਣਥੱਕ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਦੌਰਾਨ ਸੇਵਾ ਸੰਮਤੀ ਦੇ ਜਨਰਲ ਸਕੱਤਰ ਕਮਲ ਜਿੰਦਲ ਵਲੋਂ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦਾ ਕੰਮਕਾਰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਲਾਜਪਤ ਰਾਏ ਚੋਪੜਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ | ਜਿਸ ਦੀ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਤਾਈਦ ਕੀਤੀ ਅਤੇ ਸਰਬਸੰਮਤੀ ਨਾਲ ਲਾਜਪਤ ਰਾਏ ਨੂੰ ਪ੍ਰਧਾਨ ਚੁਣ ਲਿਆ | ਮੀਟਿੰਗ ਵਿਚ ਮੀਤ ਪ੍ਰਧਾਨ ਬੀਰਬਲ ਦਾਸ, ਮੀਤ ਪ੍ਰਧਾਨ ਵਿਨੋਦ ਕੁਮਾਰ ਕਾਂਸਲ, ਕੈਸ਼ੀਅਰ ਸੇਵਾ ਸੰਮਤੀ ਮੰਗਤ ਰਾਏ, ਕੈਸ਼ੀਅਰ ਰਾਮਬਾਗ ਕਮੇਟੀ ਵੇਦ ਪ੍ਰਕਾਸ਼, ਜੁਆਇੰਟ ਸਕੱਤਰ ਨਰਿੰਦਰ ਚੋਪੜਾ, ਪ੍ਰਚਾਰ ਸਕੱਤਰ ਜਗਸੀਰ ਸਿੰਘ ਸੰਧੂ, ਕਾਰਜਕਾਰਨੀ ਮੈਂਬਰ ਦੀਪਕ ਸੋਨੀ, ਰਜਿੰਦਰ ਗਾਰਗੀ ਅਤੇ ਗੋਪਾਲ ਸ਼ਰਮਾ ਹਾਜ਼ਰ ਸਨ ਜਦੋਂਕਿ ਕਾਰਜਕਾਰਨੀ ਮੈਂਬਰ ਵਿਪਨ ਧਰਨੀ ਨੇ ਵਿਦੇਸ਼ ਤੋਂ ਫ਼ੋਨ ਰਾਹੀਂ ਇਸ ਫ਼ੈਸਲੇ ਨਾਲ ਸਹਿਮਤੀ ਪ੍ਰਗਟਾਈ ਹੈ |