09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕਲੈਰੀਕਲ ਕਾਮਿਆਂ ਨੇ ਕਲਮ ਛੋੜ ਹੜਤਾਲ ਕਰ ਕੇ ਦਫ਼ਤਰੀ ਕੰਮ ਕੀਤਾ ਠੱਪ <br/>

Ad Position 21
No active advertisement
ਕਚਹਿਰੀ ਚੌਂਕ ਬਰਨਾਲਾ ਵਿਖੇ ਘੜੇ ਭੰਨ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕਲੈਰੀਕਲ ਕਾਮੇ | ਅਜੀਤ ਤਸਵੀਰ <br/> 10-03-2026
ਬਰਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਤੋਂ ਨਾਰਾਜ਼ ਤੇ ਨਿਰਾਸ਼ ਮਨਿਸਟਰੀਅਲ ਸਟਾਫ਼ ਨੇ ਅੱਜ ਕਲਮ ਛੋੜ ਹੜਤਾਲ ਕਰ ਕੇ ਦਫ਼ਤਰੀ ਕੰਮਕਾਰ ਪੂਰੀ ਤਰ੍ਹਾਂ ਠੱਪ ਰੱਖਿਆ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਕਚਹਿਰੀ ਚੌਂਕ ਬਰਨਾਲਾ ਵਿਖੇ ਘੜੇ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਘੜੇ ਭੰਨ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਕੱਲ੍ਹ ਸਰਕਾਰ ਨੇ ਆਪਣੀ ਹੀ ਰੀੜ੍ਹ ਦੀ ਹੱਡੀ 'ਤੇ ਵਾਰ ਕੀਤਾ ਹੈ | ਜਿਸ ਨੂੰ ਮੁਲਾਜ਼ਮ ਕਦੇ ਨਹੀਂ ਭੁਲਾਉਣਗੇ | ਉਨ੍ਹਾਂ ਕਿਹਾ ਕਿ ਵੱਖ-ਵੱਖ ਮਲਾਜਮ ਜਥੇਬੰਦੀਆਂ ਵਲੋਂ ਮੰਗਾਂ ਜਿਵੇਂਕਿ ਪੁਰਾਣੀ ਪੈਨਸ਼ਨ ਬਹਾਲੀ, ਡੀ.ਏ. ਦੀਆਂ ਕਿਸ਼ਤਾਂ, ਪੇਅ ਕਮਿਸ਼ਨ ਵਿਚ ਸੋਧ, ਮੁਲਾਜ਼ਮ ਮਾਰੂ ਪੱਤਰ ਵਾਪਸ ਲੈਣ, ਏ.ਸੀ.ਪੀ. ਆਦਿ ਦੀ ਪੂਰਤੀ ਲਈ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਰੋਸ ਰੈਲੀ ਕਰਨ ਉਪਰੰਤ ਬਜਟ ਸੈਸ਼ਨ ਮੌਕੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਕੂਚ ਕੀਤਾ ਗਿਆ ਸੀ | ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵਾਈ.ਪੀ.ਐਸ. ਚੌਂਕ ਵਿਚ ਵੱਡੀਆਂ ਰੋਕਾਂ ਲਾ ਕੇ ਰਸਤਾ ਬੰਦ ਕਰ ਕੇ ਰੱਖਿਆ ਹੋਇਆ ਸੀ | ਜਦੋਂ ਸਮੂਹ ਮੁਲਾਜ਼ਮ ਉੱਥੇ ਪਹੁੰਚੇ ਅਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ਵਿਚ ਤਾਇਨਾਤ ਪੁਲਿਸ ਬਲ ਨਾਲ ਮੁਲਾਜ਼ਮਾਂ 'ਤੇ ਲਾਠੀਚਾਰਜ ਕਰਦੇ ਹੋਏ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਕੀਤੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਬੁਖ਼ਾਰ ਕਰ ਦਿੱਤੀ | ਸਰਕਾਰ ਦੀ ਇਸ ਹਰਕਤ ਨਾਲ ਜ਼ਾਬਤਾ ਬੱਧ ਤਰੀਕੇ ਨਾਲ ਸੰਘਰਸ਼ ਕਰ ਰਹੇ ਨਿਹੱਥੇ ਮੁਲਾਜ਼ਮਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਮੌਕੇ 'ਤੇ ਮੈਡੀਕਲ ਸਹੂਲਤ ਦੀ ਲੋੜ ਪਈ | ਸਰਕਾਰ ਦੇ ਇਸ ਵਤੀਰੇ ਤੋਂ ਨਿਰਾਸ਼ ਹੋ ਕੇ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ ਵਿਚ ਕਲਮ ਛੋੜ ਹੜਤਾਲ ਕਰ ਕੇ ਸਮੁੱਚਾ ਕੰਮਕਾਰ ਠੱਪ ਕਰ ਦਿੱਤਾ ਗਿਆ ਹੈ | ਡੀ.ਸੀ. ਦਫ਼ਤਰ ਬਰਨਾਲਾ ਦੇ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ ਨੇ ਕਿਹਾ ਕਿ ਜਿਸ ਤਰ੍ਹਾਂ 2022 ਵਿਚ ਬੜੇ ਚਾਅ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚੁਣ ਕੇ ਸੱਤਾ ਵਿਚ ਲਿਆਂਦੀ ਸੀ, ਉਸੇ ਤਰ੍ਹਾਂ 2027 ਵਿਚ ਚੱਲਦੀ ਕਰਾਂਗੇ | ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਕਿਹਾ ਕਿ ਹੁਣ ਮੁਲਾਜ਼ਮ ਚੁੱਪ ਕਰ ਕੇ ਨਹੀਂ ਬੈਠਣਗੇ ਅਤੇ ਉਨ੍ਹਾਂ ਨਾਲ ਹੋਈਆਂ ਵਧੀਕੀਆਂ ਦਾ ਬਦਲਾ ਆਉਣ ਵਾਲੀਆਂ ਚੋਣਾਂ ਵਿਚ ਲਿਆ ਜਾਵੇਗਾ | ਇਸ ਮੌਕੇ ਮੈਡਮ ਅੰਸੂ ਗੁਪਤਾ, ਕਮਲਜੀਤ ਸਿੰਘ ਸ਼ਾਦ, ਕਰਨਵੀਰ ਸਿੰਘ ਭੱਠਲ, ਸੁਖਜੀਤ ਸਿੰਘ ਸੰਧੂ, ਵਿੱਕੀ ਡਾਬਲਾ, ਦਰਸ਼ਨ ਚੀਮਾ, ਹਰਵਿੰਦਰ ਮਲੀਆਂ, ਗੁਰਪ੍ਰੀਤ ਰੁੜੇਕੇ, ਜਗਰਾਜ ਟੱਲੇਵਾਲ, ਪਰਮਜੀਤ ਸਿੰਘ ਪਾਸੀ, ਮਨਜਿੰਦਰ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ, ਦੀਪਕ ਗੋਇਲ, ਮੋਹਿਤ ਗਰਗ, ਮਨਪ੍ਰੀਤ ਸਿੰਘ, ਸੁਖਵੀਰ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਕਿਰਪਾਲ ਸਿੰਘ, ਲਲਿਤ ਕੁਮਾਰ, ਹਰਭਜਨ ਸਿੰਘ, ਨਰਪਿੰਦਰਪਾਲ ਸਿੰਘ, ਵਿਕਾਸ ਗੋਇਲ, ਰਮਨਦੀਪ ਸਿੰਘ, ਜਗਦੀਪ ਸਿੰਘ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ 'ਚ 50 ਲੱਖ ਦੀ ਲਾਗਤ ਨਾਲ ਬਣੇਗੀ 'ਮਾਨਵ ਸੇਵਾ ਚੈਰੀਟੇਬਲ ਲੈਬ' <br/> ਅਗਲੀ ਖ਼ਬਰ ਬਜਟ ਨੇ ਹਲਕਾ ਮਹਿਲ ਕਲਾਂ ਦੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਿਆ-ਡਾ. ਬਲਵੰਤ ਰਾਏ ਸ਼ਰਮਾ
Ad Position 24