ਮਹਿਲ ਕਲਾਂ-ਸਮਾਜ ਸੇਵੀ ਅਤੇ ਧਰਮ ਪ੍ਰਚਾਰ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੇ ਸੰਤ ਦਲਬਾਰ ਸਿੰਘ ਛੀਨੀਵਾਲ ਦਾ ਜਨਮ 1942 'ਚ ਮਾਤਾ ਭਗਵਾਨ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਘਰ ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਹੋਇਆ | ਉਨ੍ਹਾਂ ਨੇ ਮੁੱਢਲੀ ਵਿੱਦਿਆ ਨਿਰਮਲੇ ਡੇਰੇ ਦੇ ਮਹੰਤ ਸੰਤ ਆਤਮਾ ਸਿੰਘ ਤੋਂ ਪ੍ਰਾਪਤ ਕੀਤੀ | ਇਸ ਉਪਰੰਤ ਉਹ ਪਿਤਾ ਪੁਰਖੀ ਕਿੱਤੇ ਖੇਤੀਬਾੜੀ 'ਚ ਜੁਟ ਗਏ | ਆਪ ਨੇ ਸੰਤ ਸੁਰੈਣ ਸਿੰਘ ਭਿੰਡਰਾਂ ਦੇ ਕਥਾ ਕੀਰਤਨ ਦੇ ਪ੍ਰਭਾਵ ਸਦਕਾ ਅੰਮਿ੍ਤ ਪਾਨ ਕਰ ਕੇ ਧਾਰਮਿਕ ਖੇਤਰ 'ਚ ਪ੍ਰਵੇਸ਼ ਕੀਤਾ ਅਤੇ ਅਨੇਕਾਂ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸਿੱਖਿਆ ਗ੍ਰਹਿਣ ਕਰਵਾਈ | ਉਨ੍ਹਾਂ ਦਾ ਵਿਆਹ ਬੀਬੀ ਗੁਰਮੀਤ ਕੌਰ ਨਾਲ ਹੋਇਆ | ਆਪ ਦੇ ਘਰ ਦੋ ਬੇਟੀਆਂ ਅਤੇ ਇਕ ਬੇਟੇ ਨੇ ਜਨਮ ਲਿਆ | ਉਨ੍ਹਾਂ ਨੇ ਦਿੱਲੀ ਗੁਰਦੁਆਰਾ ਮੋਰਚਾ, ਐਮਰਜੈਂਸੀ ਮੋਰਚਾ, ਧਰਮਯੁੱਧ ਮੋਰਚੇ 'ਚ ਅਨੇਕਾਂ ਵਾਰ ਸਾਥੀਆਂ ਸਮੇਤ ਜੇਲ ਯਾਤਰਾ ਕੀਤੀ | ਆਪ ਨੂੰ ਧਾਰਮਿਕ ਸ਼ਖ਼ਸੀਅਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ, ਗਿਆਨੀ ਮੋਹਣ ਸਿੰਘ ਭਿੰਡਰਾਂ, ਬਾਬਾ ਹਰਬੰਸ ਸਿੰਘ ਦਿੱਲੀ ਕਾਰਸੇਵਾ ਵਾਲਿਆਂ ਦੀ ਸੰਗਤ ਮਾਨਣ ਦਾ ਮਾਣ ਪ੍ਰਾਪਤ ਹੋਇਆ | ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਦਿਆਂ ਨਿਭਾਈਆਂ ਸੇਵਾਵਾਂ ਦੇ ਸਦਕਾ ਆਪ ਸਰਕਲ ਅਕਾਲੀ ਜਥਾ ਮਹਿਲ ਕਲਾਂ ਦੇ 40 ਸਾਲ ਲਗਾਤਾਰ ਪ੍ਰਧਾਨ ਰਹੇ | ਸੰਨ 1979 'ਚ ਹਲਕਾ ਭਦੌੜ ਤੋਂ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ, 26 ਸਾਲ ਸ਼੍ਰੋਮਣੀ ਕਮੇਟੀ ਮੈਂਬਰ, 5 ਵਾਰ ਅੰਤਰਿੰਗ ਕਮੇਟੀ ਦੇ ਮੈਂਬਰ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਨਾਲ ਨਿਭਾਇਆ | ਅਕਾਲ ਚਲਾਣੇ ਸਮੇਂ ਵੀ ਆਪ ਹਲਕਾ ਚੰਨਣਵਾਲ ਤੋਂ ਐਸ.ਜੀ.ਪੀ.ਸੀ. ਦੇ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਸਨ | ਆਪ ਜੀ ਵਲੋਂ ਦਿੱਤੇ ਚੰਗੇ ਮਾਰਗ ਦਰਸ਼ਨ ਸਦਕਾ ਬੇਟੀਆਂ ਪ੍ਰੀਤਮ ਕੌਰ, ਇੰਦਰਜੀਤ ਕੌਰ ਕੈਨੇਡਾ ਵਿਚ ਸੈਟਲ ਅਤੇ ਬੇਟਾ ਜਥੇ: ਪਿ੍ਤਪਾਲ ਸਿੰਘ ਛੀਨੀਵਾਲ, ਭਤੀਜਾ ਰਾਜਿੰਦਰ ਸਿੰਘ ਗੋਗੀ ਸਮਾਜ ਅੰਦਰ ਵੱਖਰੀ ਪਹਿਚਾਣ ਰੱਖਦੇ ਹਨ | ਅਖੀਰ ਆਪ ਬੀਤੀ 20 ਅਪ੍ਰੈਲ 2021 ਨੂੰ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾ 'ਚ ਜਾ ਬਿਰਾਜੇ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਤਿਕਾਰ ਵਜੋਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ, ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਗਈ ਹੈ | ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੰਤ ਦਲਬਾਰ ਸਿੰਘ ਛੀਨੀਵਾਲ ਦੀ ਪੰਜਵੀਂ ਬਰਸੀ ਅੱਜ 12 ਮਾਰਚ, ਦਿਨ ਵੀਰਵਾਰ ਨੂੰ ਸਵੇਰੇ 9 ਤੋਂ 12 ਵਜੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਛੀਨੀਵਾਲ ਕਲਾਂ (ਬਰਨਾਲਾ) ਵਿਖੇ ਮਨਾਈ ਜਾ ਰਹੀ ਹੈ | -ਅਵਤਾਰ ਸਿੰਘ ਅਣਖੀ