ਧਨੌਲਾ, 4 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਧਨੌਲਾ ਨੇੜਿਓਾ ਲੰਘਦੀ ਡਰੇਨ ਹਰੀ ਵੇਲ ਨਾਲ ਨੱਕੋ ਨੱਕ ਤੁੰਨ ਕੇ ਭਰੀ ਪਈ ਹੈ | ਪਿਛਲੀਆਂ ਸਰਕਾਰਾਂ ਸਮੇਂ ਵੱਡੀ ਕਰੇਨ ਦੁਆਰਾ ਵੇਲ ਕੱਢ ਕੇ ਬਾਹਰ ਸੁੱਟੀ ਜਾਂਦੀ ਸੀ ਅਤੇ ਡਰੇਨ ਨੂੰ ਹੇਠਾਂ ਤੱਕ ਪੁੱਟ ਕੇ ਖ਼ਾਲੀ ਰੱਖਿਆ ਜਾਂਦਾ ਸੀ | ਜਿਸ ਦਾ ਮਕਸਦ ਤੇਜ਼ ਬਰਸਾਤ ਜਾਂ ਕਿਸੇ ਪਾਸਿਓਾ ਆਇਆ ਪਾਣੀ ਦਾ ਵਹਾਅ ਇਲਾਕਿਆਂ ਦਾ ਨੁਕਸਾਨ ਨਾ ਕਰ ਸਕੇ ਅਤੇ ਪਾਣੀ ਨੂੰ ਸਿੱਧਾ ਸੁਰੱਖਿਅਤ ਅੱਗੇ ਲੰਘਾਇਆ ਜਾ ਸਕੇ | ਪਿਛਲੀ ਚੌਲਾਂ ਦੀ ਫ਼ਸਲ ਸਮੇਂ ਦੱਬ ਕੇ ਬਰਸਾਤ ਹੋਈ | ਪਾਣੀ ਪਿਛਲੇ ਪਿੰਡਾਂ ਸ਼ਹਿਰਾਂ 'ਚੋਂ ਡਰੇਨ ਵਿਚ ਭਰਨਾ ਸ਼ੁਰੂ ਹੋ ਗਿਆ ਅਤੇ ਡਰੇਨ ਦੀ ਡਾਫ ਅਨਾਜ ਮੰਡੀ ਨੇੜੇ ਆ ਕੇ ਬੇਲ ਫਸਣ ਕਾਰਨ ਲੱਗ ਗਈ | ਸਥਿਤੀ ਇਸ ਕਦਰ ਨਾਜ਼ੁਕ ਹੋ ਗਈ ਕਿ ਜਿਹੜੀ ਡਰੇਨ ਧਨੌਲੇ ਤੋਂ ਨਿਕਾਸੀ ਪਾਣੀ ਬਾਹਰ ਕੱਢਿਆ ਕਰਦੀ ਸੀ | ਉਹ ਡਰੇਨ ਵਿਚੋਂ ਬੇਲ ਫਸ ਜਾਣ ਕਰ ਕੇ ਕਿਨਾਰੇ ਟੱਪ ਕੇ ਪਾਣੀ ਅਨਾਜ ਮੰਡੀ ਅੰਦਰ ਦਾਖਲ ਹੋਣਾ ਸ਼ੁਰੂ ਹੋ ਗਿਆ | ਨੇੜਲੇ ਖੇਤਾਂ ਦੇ ਕਿਸਾਨ ਆਪੋ ਆਪਣੇ ਵਾਹਣ ਲੈ ਕੇ ਮੌਕੇ 'ਤੇ ਪੁੱਜ ਗਏ ਅਤੇ ਕਿਨਾਰਿਆਂ 'ਤੇ ਮਿੱਟੀ ਪਾ ਕੇ ਪਾਣੀ ਰੋਕ ਲਿਆ ਗਿਆ | ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਜੇ.ਸੀ.ਵੀ ਕਰੇਨਾ ਵਰਤ ਕੇ ਪੁਲਾਂ ਅੱਗਿਓਾ ਫਸੀ ਬੇਲ ਕਢਵਾਈ ਜਿਸ ਨਾਲ ਪਾਣੀ ਅੱਗੇ ਲੰਘ ਗਿਆ ਅਤੇ ਸਬੱਬ ਵਸ ਬਾਰਸ਼ ਰੁਕ ਗਈ | ਅੱਜ ਉਹੀ ਡਰੇਨ ਵਿਚ ਫਸੀ ਬੇਲ ਪਹਿਲਾਂ ਨਾਲੋਂ ਵੀ ਵਿਕਰਾਲ ਰੂਪ ਅਖ਼ਤਿਆਰ ਕਰ ਚੁੱਕੀ ਹੈ | ਜੇ ਸਮਾਂ ਰਹਿੰਦੇ ਬੇਲ ਨਾ ਕੱਢੀ ਗਈ ਤਾਂ ਆਉਣ ਵਾਲੇ ਬਰਸਾਤੀ ਮੌਸਮ ਵਿਚ ਮੰਡੀ ਦਾ ਭਾਰੀ ਨੁਕਸਾਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ | ਉੱਘੇ ਕਾਰੋਬਾਰੀ ਧਰਮਪਾਲ ਬਾਂਸਲ, ਵਿਜੇ ਕੁਮਾਰ ਰੰਗਾ ਵਾਲੇ, ਅਸ਼ਵਨੀ ਕੁਮਾਰ ਕੱਪੜੇ ਵਾਲੇ, ਸੋਨਾ ਦੁੱਗਲ ਦੀਪਕ ਢਾਬੇ ਵਾਲੇ, ਸੋਨੀ ਬਾਂਸਲ ਸਬਮਰਸੀਬਲ ਵਾਲੇ, ਸੋਨੂ ਕੁਮਾਰ ਕਰਿਆਨੇ ਵਾਲੇ, ਰਾਜੇਸ਼ ਕੁਮਾਰ ਕਰਿਆਨੇ ਵਾਲੇ ਨੇ ਮੰਗ ਕਰਦਿਆਂ ਆਖਿਆ ਕਿ ਉਹ ਹਰ ਸਮਾਨ ਦੀ ਖ਼ਰੀਦ ਵੇਚ ਬਦਲੇ ਮੋਟੇ ਟੈਕਸ ਅਦਾ ਕਰਦੇ ਹਨ | ਪ੍ਰੰਤੂ ਬੁਨਿਆਦੀ ਮਸਲਿਆਂ ਦੇ ਹੱਲ ਲਈ ਉਨ੍ਹਾਂ ਨੂੰ ਬੇਹੱਦ ਪ੍ਰੇਸ਼ਾਨ ਹੋਣਾ ਪੈਂਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕਰਦਿਆਂ ਆਖਿਆ ਕਿ ਉਹ ਜ਼ਿਲ੍ਹਾ ਪੱਧਰ ਦੇ ਠੰਢੇ ਦਫ਼ਤਰ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਲੋਕ ਮਸਲਿਆਂ ਦੀ ਹਕੀਕਤ ਜਾਣਨ | ਉਕਤ ਵਿਅਕਤੀਆਂ ਨੇ ਇਹ ਵੀ ਆਖਿਆ ਕਿ ਉਨ੍ਹਾਂ ਦੇ ਕਰਮਚਾਰੀ ਡਿਪਟੀ ਕਮਿਸ਼ਨਰ ਨੂੰ ਗੁਮਰਾਹ ਕਰ ਕੇ ਅਤੇ ਹਰ ਮਸਲੇ ਬਾਰੇ ਟਾਲਮਟੋਲ ਕਰ ਕੇ ਅਸਲ ਹਕੀਕਤ ਤੋਂ ਕੋਹਾਂ ਦੂਰ ਲੈ ਜਾਂਦੇ ਹਨ | ਜਦ ਕਿ ਲੋਕ ਇਨ੍ਹਾਂ ਮਸਲਿਆਂ ਨੂੰ ਪ੍ਰੈਕਟੀਕਲ ਹੰਢਾਉਂਦੇ ਹਨ | ਉਕਤ ਕਾਰੋਬਾਰੀਆਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕਰਦਿਆਂ ਆਖਿਆ ਕਿ ਇਕ ਦਿਨ ਮੰਡੀ ਵਿਚ ਆ ਕੇ ਮੰਡੀ ਦੇ ਅਤੇ ਨਾਜ਼ੁਕ ਮਸਲਿਆਂ ਬਾਰੇ ਲੋਕਾਂ ਪਾਸੋਂ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਦੇ ਹੱਲ ਕਰਨ |