ਭਦੌੜ, 5 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਭਦੌੜ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ 13 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਭਦੌੜ ਦੇ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐੱਸ.ਆਈ. ਸੁਰਿੰਦਰ ਸਿੰਘ ਜੀ.ਆਰ.ਪੀ. ਅਤੇ ਸਾਥੀ ਕਰਮਚਾਰੀਆਂ ਸਮੇਤ ਸਰਕਾਰੀ ਗੱਡੀ ਰਾਹੀਂ ਨੈਣੇਵਾਲ ਰੋਡ 'ਤੇ ਦਾਣਾ ਮੰਡੀ ਵਾਲੇ ਪਾਸੇ ਸੜਕ 'ਤੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੇ ਸਬੰਧ ਵਿਚ ਗਸ਼ਤ ਕਰ ਰਹੇ ਸਨ ਤਾਂ ਅਨਾਜ ਮੰਡੀ ਵੱਲ ਦੋ ਸ਼ੱਕੀ ਵਿਅਕਤੀ ਨਜ਼ਰ ਆਏ | ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਕੇ ਇਕ ਥੈਲਾ ਬਰਾਮਦ ਕੀਤਾ ਅਤੇ ਇਨ੍ਹਾਂ ਦੀ ਪਹਿਚਾਣ ਭੋਲਾ ਸਿੰਘ ਪੁੱਤਰ ਨੀਲਾ ਸਿੰਘ ਵਾਸੀ ਭਦੌੜ ਅਤੇ ਧਰਮਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਭਦੌੜ ਵਜੋਂ ਹੋਈ ਪੁਲਿਸ ਨੇ ਇਨ੍ਹਾਂ ਪਾਸੋਂ 13 ਕਿੱਲੋ ਭੁੱਕੀ ਚੂਰਾ ਪੋਸਤ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਭਦੌੜ ਵਿਖੇ ਮੁਕੱਦਮਾ ਨੰ: 24 ਐਨ.ਡੀ.ਪੀ.ਐੱਸ. ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ | ਇਸ ਮੌਕੇ ਏ.ਐੱਸ.ਆਈ. ਸੰਤੋਖ ਸਿੰਘ, ਥਾਣਾ ਭਦੌੜ ਦੇ ਮੁੱਖ ਮੁਨਸ਼ੀ ਹਰਦੀਪ ਸਿੰਘ, ਹਰਦੀਪ ਸਿੰਘ ਹੌਲਦਾਰ ਆਦਿ ਹਾਜ਼ਰ ਸਨ |