ਪਰਿਵਾਰ ਵਲੋਂ ਡਾਕਟਰ 'ਤੇ ਲਾਪ੍ਰਵਾਹੀ ਦੇ ਦੋਸ਼, ਹਸਪਤਾਲ ਦੇ ਬਾਹਰ ਧਰਨਾ
ਮਹਿਲ ਕਲਾਂ, 5 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਡਾ: ਮਿੱਠੂ ਮੁਹੰਮਦ ਮਹਿਲ ਕਲਾਂ ਦੀ ਨੂੰਹ ਨਾਜ਼ੀਆ ਪ੍ਰਵੀਨ ਦੀ ਜਣੇਪੇ ਸਮੇਂ ਬੱਚੇ ਦੇ ਜਨਮ ਤੋਂ ਬਾਅਦ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ | ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵਲੋਂ ਡਾਕਟਰਾਂ 'ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਉਂਦਿਆਂ ਹਸਪਤਾਲ ਦੇ ਬਾਹਰ ਜ਼ੋਰਦਾਰ ਧਰਨਾ ਦਿੱਤਾ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾਈ ਆਗੂ ਡਾ: ਮਿੱਠੂ ਮੁਹੰਮਦ ਮਹਿਲ ਕਲਾਂ ਦੀ ਨੂੰਹ ਨਾਜ਼ੀਆ ਪ੍ਰਵੀਨ ਜਣੇਪੇ ਲਈ ਆਪਣੇ ਪੇਕੇ ਘਰ ਮਲੇਰਕੋਟਲਾ ਗਈ ਹੋਈ ਸੀ, ਜਿੱਥੇ ਸਿਹਤ ਵਿਗੜਨ 'ਤੇ ਉਸ ਨੂੰ ਲੁਧਿਆਣਾ ਦੇ ਇਸ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਪਰਿਵਾਰ ਦਾ ਦੋਸ਼ ਹੈ ਕਿ ਡਾਕਟਰਾਂ ਨੇ ਆਪੇ੍ਰਸ਼ਨ ਦੇ ਲਾਲਚ ਵਿਚ ਸਮੇਂ ਤੋਂ ਪਹਿਲਾਂ ਹੀ ਜਣੇਪਾ ਕਰਵਾ ਦਿੱਤਾ ਅਤੇ ਹਾਲਤ ਵਿਗੜਨ ਦੇ ਬਾਵਜੂਦ ਮੌਕੇ ਸਿਰ ਸੰਭਾਲ ਨਹੀਂ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ | ਇਸ ਦੁਖਦਾਈ ਘਟਨਾ ਦਾ ਪਤਾ ਲੱਗਦਿਆਂ ਹੀ ਮਹਿਲ ਕਲਾਂ ਅਤੇ ਮਲੇਰਕੋਟਲਾ ਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਹਸਪਤਾਲ ਪਹੁੰਚ ਗਏ ਅਤੇ ਦੋਸ਼ੀ ਡਾਕਟਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ | ਪੀੜਤ ਪਰਿਵਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਦੋਸ਼ੀਆਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਨਹੀਂ ਹੁੰਦਾ, ਉਹ ਮਿ੍ਤਕਾ ਦੀ ਦੇਹ ਨਹੀਂ ਲੈਣਗੇ ਅਤੇ ਨਾ ਹੀ ਸਸਕਾਰ ਕਰਨਗੇ, ਜਦ ਕਿ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ 'ਤੇ ਕਾਰਵਾਈ ਕੀਤੀ ਜਾ ਰਹੀ ਹੈ | ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ, ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਇਸ ਦੁਖਦਾਈ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦਿਆਂ ਪੰਜਾਬ ਸਰਕਾਰ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ |
ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਜਣੇਪੇ ਦੌਰਾਨ ਮਹਿਲ ਕਲਾਂ ਵਾਸੀ ਅÏਰਤ ਦੀ ਮੌਤ
ਅਜੀਤ ਡੈਸਕ
06-04-2026