ਮਹਿਲ ਕਲਾਂ, 6 ਅਪ੍ਰੈਲ (ਅਵਤਾਰ ਸਿੰਘ ਅਣਖੀ)-ਉਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸ੍ਰੀਮਤੀ ਕਿ੍ਤਿਕਾ ਗੋਇਲ, ਆਈ.ਏ.ਐੱਸ. ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਖ਼ੁਰਦ ਦਾ ਅਚਾਨਕ ਦੌਰਾ ਕਰ ਕੇ ਵੱਖ-ਵੱਖ ਪ੍ਰਬੰਧਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ | ਚੈਕਿੰਗ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਕੂਲ 'ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੀ ਤਿਆਰੀ, ਸਫਾਈ ਅਤੇ ਅਨਾਜ ਸਟੋਰੇਜ ਦੀ ਪ੍ਰਬੰਧਕੀ ਦਾ ਨਿਰੀਖਣ ਕੀਤਾ | ਐੱਸ.ਡੀ.ਐੱਮ. ਵਲੋਂ ਮਿਡ-ਡੇ-ਮੀਲ ਤਿਆਰ ਕਰਨ ਵਾਲੀਆਂ ਵਰਕਰਾਂ ਦੀ ਸਫ਼ਾਈ ਅਤੇ ਰਸੋਈ ਪ੍ਰਬੰਧਾਂ ਦੀ ਜਾਂਚ ਕਰ ਕੇ ਸੰਤੁਸ਼ਟੀ ਜਤਾਈ ਗਈ | ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨਾਲ ਬੈਠ ਕੇ ਮਿਡ-ਡੇ-ਮੀਲ ਖਾਧਾ ਅਤੇ ਖਾਣੇ ਦੀ ਗੁਣਵੱਤਾ ਦੀ ਪ੍ਰਸ਼ੰਸਾ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਆਂਗਣਵਾੜੀ ਸੈਂਟਰ ਦਾ ਵੀ ਦੌਰਾ ਕਰ ਕੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਦੀ ਸਿਹਤ ਸੰਬੰਧੀ ਜਾਣਕਾਰੀ ਲਈ | ਜਾਂਚ ਦੌਰਾਨ ਇਹ ਜਾਣਕਾਰੀ ਮਿਲੀ ਕਿ ਕੇਂਦਰ ਵਿਚ ਕੋਈ ਵੀ ਬੱਚਾ ਘੱਟ ਵਜ਼ਨ ਜਾਂ ਘੱਟ ਕੱਦ ਵਾਲਾ ਨਹੀਂ ਹੈ | ਐੱਸ.ਡੀ.ਐੱਮ. ਨੇ ਸਕੂਲ ਦੀਆਂ ਵੱਖ-ਵੱਖ ਕਲਾਸਾਂ ਵਿਚ ਜਾ ਕੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ | ਚੌਥੀ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਸਰਕਾਰ ਵਲੋਂ ਚਲਾਏ ਜਾ ਰਹੇ 'ਮਿਸ਼ਨ ਸਮਰੱਥ' ਅਧੀਨ ਲਿਖਾਈ, ਗਣਿਤ ਦੇ ਸਵਾਲ ਅਤੇ ਰੀਡਿੰਗ ਕਰਵਾਈ ਗਈ | ਉਨ੍ਹਾਂ ਨੇ ਸਕੂਲ ਪ੍ਰਬੰਧਨ ਅਤੇ ਪੰਚਾਇਤ ਵਲੋਂ ਸਕੂਲ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਮਿਸ਼ਨ ਨਾਲ ਬੱਚਿਆਂ ਦੀ ਪੜ੍ਹਨ ਅਤੇ ਗਣਿਤ ਦੀ ਯੋਗਤਾ ਵਿਚ ਸੁਧਾਰ ਆ ਰਿਹਾ ਹੈ | ਚੈਕਿੰਗ ਦੌਰਾਨ ਸਕੂਲ ਪ੍ਰਾਂਗਣ ਵਿਚ ਵੱਧੀ ਘਾਹ ਦੀ ਕਟਾਈ ਦੀ ਲੋੜ ਮਹਿਸੂਸ ਕੀਤੀ ਗਈ, ਜਿਸ ਸਬੰਧੀ ਹੈੱਡ ਟੀਚਰ ਅਤੇ ਸਮੂਹ ਸਟਾਫ਼ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ | ਟਾਇਲਟ ਅਤੇ ਬਾਥਰੂਮਾਂ ਵਿਚ ਸਾਬਣ ਅਤੇ ਹੋਰ ਸਫ਼ਾਈ ਸਮੱਗਰੀ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ | ਸਕੂਲ ਦੇ ਹੈੱਡ ਟੀਚਰ ਵਲੋਂ ਅਧਿਆਪਕਾਂ ਦੀ ਘਾਟ ਦਾ ਮਾਮਲਾ ਉਠਾਇਆ ਗਿਆ, ਜਿਸ 'ਤੇ ਐੱਸ.ਡੀ.ਐੱਮ. ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਬਰਨਾਲਾ ਨਾਲ ਟੈਲੀਫ਼ੋਨ ਰਾਹੀਂ ਗੱਲ ਕਰਕੇ ਅਸਾਮੀਆਂ ਜਲਦੀ ਭਰਨ ਲਈ ਪੱਤਰ ਜਾਰੀ ਕਰਨ ਦੀ ਹਦਾਇਤ ਕੀਤੀ | ਇਸ ਤੋਂ ਇਲਾਵਾ ਬਾਰਸ਼ ਦੇ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਕੂਲ ਲਈ ਸੋਕ ਪਿਟ ਬਣਾਉਣ ਦੀ ਲੋੜ 'ਤੇ ਵੀ ਵਿਚਾਰ ਕੀਤਾ ਗਿਆ ਅਤੇ ਇਸ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਨੂੰ ਮੁਕੰਮਲ ਐੱਸਟੀਮੇਟ ਭੇਜਣ ਦੀ ਗੱਲ ਕਹੀ ਗਈ | ਐੱਸ.ਡੀ.ਐੱਮ. ਕਿ੍ਤਿਕਾ ਗੋਇਲ ਨੇ ਕਿਹਾ ਕਿ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਆਉਣ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਿਰੰਤਰ ਦੌਰੇ ਕੀਤੇ ਜਾਣਗੇ ਤਾਂ ਜੋ ਸਕੂਲਾਂ ਵਿਚ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਕੇ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ | ਇਸ ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ, ਹੈੱਡਮਾਸਟਰ ਕੁਲਦੀਪ ਸਿੰਘ ਕਮਲ, ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |