ਤਪਾ ਮੰਡੀ, 7 ਅਪ੍ਰੈਲ (ਪ੍ਰਵੀਨ ਗਰਗ)-ਜਿੱਥੇ ਇੱਕ ਪਾਸੇ ਕਣਕ ਦੀ ਫ਼ਸਲ ਲਗਭਗ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ, ਉੱਥੇ ਦੂਜੇ ਪਾਸੇ ਰੋਜ਼ਾਨਾ ਮੌਸਮ ਦੇ ਬਦਲ ਰਹੇ ਮਿਜ਼ਾਜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਕੇ ਰੱਖ ਦਿੱਤਾ ਹੈ | ਅੱਜ ਸਵੇਰ ਤੋਂ ਹੀ ਚੱਲ ਰਹੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਨੂੰ ਵਿਛਾ ਕੇ ਰੱਖ ਦਿੱਤਾ ਹੈ | ਜਦ ਕਿ ਪਿਛਲੇ ਦਿਨਾਂ ਦੌਰਾਨ ਵੀ ਹੋਈ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ | ਇਸ ਮੌਸਮੀ ਤਬਦੀਲੀ ਨਾਲ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਜਾਣਕਾਰੀ ਅਨੁਸਾਰ ਕਈ ਪਿੰਡਾਂ ਵਿਚ ਬਾਰਸ਼ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਖੇਤਾਂ ਵਿਚ ਖੜੀ ਪੱਕੀ ਕਣਕ ਵਿਛ ਗਈ, ਜਿਸ ਨਾਲ ਫ਼ਸਲ ਦੀ ਗੁਣਵੱਤਾ ਤੇ ਪੈਦਾਵਾਰ 'ਤੇ ਅਸਰ ਪੈਣ ਦਾ ਡਰ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਕਟਾਈ ਦੇ ਬਿਲਕੁਲ ਨੇੜੇ ਸਮੇਂ 'ਚ ਹੋਈ ਇਹ ਬਾਰਿਸ਼ ਉਨ੍ਹਾਂ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਈ ਹੈ | ਕਿਸਾਨਾਂ ਨੇ ਦੱਸਿਆ ਕਿ ਅਗਰ ਮੌਸਮ ਇਸੇ ਤਰ੍ਹਾਂ ਖ਼ਰਾਬ ਰਹਿੰਦਾ ਹੈ ਤਾਂ ਫ਼ਸਲ ਵਿਚ ਨਮੀ ਵਧਣ ਨਾਲ ਦਾਣਾ ਕਾਲਾ ਹੋ ਸਕਦਾ ਹੈ ਤੇ ਮੰਡੀ 'ਚ ਉਨ੍ਹਾਂ ਠੀਕ ਭਾਅ ਨਹੀਂ ਮਿਲੇਗਾ | ਇਲਾਕੇ ਦੇ ਕਿਸਾਨਾਂ ਦੀ ਨਿਗਾਹ ਹੁਣ ਮੌਸਮ 'ਤੇ ਟਿਕੀ ਹੋਈ ਹੈ ਤੇ ਉਹ ਰੱਬ ਅੱਗੇ ਸੁਹਾਵਣੇ ਮੌਸਮ ਦੀ ਅਰਦਾਸ ਕਰ ਰਹੇ ਹਨ |