ਧਨੌਲਾ, 9 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਤੇਜ਼ ਹਨੇਰੀ ਵੀ ਚੱਲੀ ਅਤੇ ਟੁੱਟਵੀਂ ਬਰਸਾਤ ਵੀ ਹੋਈ ਪ੍ਰੰਤੂ ਇਲਾਕਾ ਧਨੌਲਾ ਅੰਦਰ ਕੁੱਝ ਪਛੇਤੀਆਂ ਕਣਕਾਂ ਨੂੰ ਛੱਡ ਕੇ ਲਗਭਗ ਨੁਕਸਾਨ ਤੋਂ ਬਚਾਅ ਹੋ ਗਿਆ | ਉਨ੍ਹਾਂ ਦੱਸਿਆ ਕਿ ਪਿਛੇਤੀਆਂ ਕਣਕਾਂ ਹਵਾ ਦੇ ਤੇਜ਼ ਬਹਾ ਕਾਰਨ ਟੇਢੀਆਂ ਹੋ ਗਈਆਂ ਪ੍ਰੰਤੂ ਉਸ ਦੇ ਵੀ ਦਾਣੇ ਦਾ ਪੂਰੀ ਤਰ੍ਹਾਂ ਬਚਾਅ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਤੂੜੀ ਦੇ ਰੰਗ ਵਿਚ ਥੋੜ੍ਹਾ ਬਦਲਾਅ ਹੋਣ ਦਾ ਜ਼ਰੂਰ ਅਨੁਮਾਨ ਹੈ ਪ੍ਰੰਤੂ ਗੁਣਵੱਤਾ ਪੱਖੋਂ ਕੋਈ ਫ਼ਰਕ ਨਹੀਂ ਪਿਆ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਭਾਈ ਸੇਵਾ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਤੱਕ ਤਾਂ ਬਚਾ ਰਿਹਾ | ਹਰੇ ਚਾਰੇ ਸੰਬੰਧੀ ਵੀ ਉਨ੍ਹਾਂ ਆਖਿਆ ਕਿ ਸਬਜ਼ੀ ਅਤੇ ਹਰੇ ਚਾਰੇ ਤੇ ਵੀ ਇਸ ਮੌਸਮ ਦੇ ਵਿਗਾੜ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪਿਆ | ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਕਣਕਾਂ ਪੱਕੀਆਂ ਹੋਣ ਕਰ ਕੇ ਬਿਜਲੀ ਵਿਭਾਗ ਵਲੋਂ ਬਿਜਲੀ ਸਪਲਾਈ ਦੇਣ ਸਮੇਂ ਬੰਦ ਕਰ ਦਿੱਤੀ ਗਈ ਹੈ | ਜਦਕਿ ਹਰੇ ਹਾਲੇ ਵੀ ਪਾਣੀ ਮੰਗਦੇ ਹਨ | ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਇੱਥੇ ਰਜਵਾਹੇ ਵੀ ਕਾਫ਼ੀ ਸਮੇਂ ਤੋਂ ਬੰਦ ਹਨ | ਜਿਸ ਕਰ ਕੇ ਹਰੇ ਚਾਰਿਆਂ ਨੂੰ ਪਾਣੀ ਲਾਉਣਾ ਮੁਸ਼ਕਲ ਹੋਇਆ ਪਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਘੱਟੋ ਘੱਟ ਨਹਿਰੀ ਪਾਣੀ ਬਹਾਲ ਰੱਖਿਆ ਜਾਵੇ ਅਤੇ ਕਾਫ਼ੀ ਸਮੇਂ ਤੋਂ ਬੰਦ ਪਏ ਧਨੌਲਾ ਰਜਵਾਹੇ ਵਿਚ ਪਾਣੀ ਭੇਜਿਆ ਜਾਵੇ |