ਬਰਨਾਲਾ, 9 ਅਪ੍ਰੈਲ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਬੱਚੀ ਭਰੂਣ ਹੱਤਿਆ ਨੂੰ ਰੋਕਣ ਲਈ ਜ਼ਿਲ੍ਹਾ ਪੀ.ਐਨ.ਡੀ.ਟੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਕੀਤੀ ਗਈ ਤਾਂ ਜੋ ਬੱਚੀਆਂ ਦੀ ਲਿੰਗ ਅਨੁਪਾਤ 'ਚ ਸੁਧਾਰ ਲਿਆਂਦਾ ਜਾ ਸਕੇ | ਜਾਣਕਾਰੀ ਦਿੰਦੀਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੱਚੀ ਭਰੂਣ ਹੱਤਿਆ ਰੋਕਣ ਲਈ ਸਿਹਤ ਵਿਭਾਗ ਨੂੰ ਵੱਖ-ਵੱਖ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਪੀ ਸੀ-ਪੀ.ਐਨ.ਡੀ.ਟੀ ਐਕਟ 1994 ਅਧੀਨ ਬੱਚੀ ਭਰੂਣ ਹੱਤਿਆ ਕਾਨੂੰਨੀ ਸਜ਼ਾਯੋਗ ਅਪਰਾਧ ਹੈ ਅਤੇ ਸਮਾਜਿਕ ਤੌਰ 'ਤੇ ਮਹਾਂਪਾਪ ਹੈ | ਭਰੂਣ ਲਿੰਗ ਜਾਂਚ/ਗਰਭਪਾਤ ਨੂੰ ਰੋਕਣ ਲਈ ਸਮੇਂ-ਸਮੇਂ 'ਤੇ ਸਕੈਨ ਸੈਂਟਰਾਂ ਦੀ ਇੰਸਪੈਕਸ਼ਨ ਕੀਤੀ ਜਾ ਰਹੀ ਹੈ ਅਤੇ ਸਕੈਨ ਸੈਂਟਰ ਮਾਲਕਾਂ ਨੂੰ ਰਿਕਾਰਡ ਪੂਰਾ ਕਰਨ ਅਤੇ ਕਾਨੂੰਨ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ | ਸਿਹਤ ਵਿਭਾਗ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਪੀ.ਸੀ.ਪੀ.ਐਨ.ਡੀ.ਟੀ ਐਕਟ 1994 ਤਹਿਤ ਵੱਖ-ਵੱਖ ਧਾਰਾਵਾਂ 'ਚ ਕਾਨੂੰਨ ਦੀ ਉਲੰਘਣਾ ਕਰਨ 'ਤੇ 3 ਤੋਂ 5 ਸਾਲ ਦੀ ਕੈਦ ਅਤੇ 50 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ | ਇਸ ਸਮੇਂ ਸਹਾਇਕ ਜ਼ਿਲ੍ਹਾ ਅਟਾਰਨੀ ਬਰਨਾਲਾ ਸ੍ਰੀ ਦਿਲਪ੍ਰੀਤ ਸਿੰਘ, ਐਮ.ਡੀ. ਮੈਡੀਸਨ ਡਾ: ਜਸਦੀਪ ਸਿੰਘ, ਡਾ: ਦੀਪਲੇਖ ਸਿੰਘ ਬਾਜਵਾ, ਇਸਤਰੀ ਰੋਗਾਂ ਦੇ ਮਾਹਿਰ ਡਾ: ਹਿਮਾਨੀ ਸ਼ਰਮਾ, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਪੀ.ਐਨ.ਡੀ.ਟੀ ਕੋਆਰਡੀਨੇਟਰ ਗੁਰਜੀਤ ਸਿੰਘ ਅਤੇ ਸਮਾਜ ਸੇਵੀ ਰਾਜਿੰਦਰ ਕੁਮਾਰ ਸ਼ਰਮਾ, ਰਾਜਿੰਦਰ ਕੁਮਾਰ ਅਤੇ ਹਰਪ੍ਰੀਤ ਕੌਰ ਅਡਵਾਇਜ਼ਰੀ ਕਮੇਟੀ ਮੈਂਬਰ ਹਾਜ਼ਰ ਸਨ |