ਭਦੌੜ, 9 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਇੱਥੋਂ ਦੀ ਪੰਜਾਬ ਨੈਸ਼ਨਲ ਬੈਂਕ ਬਰਾਂਚ ਵਿਚੋਂ ਲੋਕਾਂ ਨੂੰ ਨਗਦੀ ਲੈਣ ਲਈ ਕਈ ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਪਰ ਮੈਨੇਜਰ ਦੇ ਚਹੇਤੇ ਵਿਅਕਤੀਆਂ ਨੂੰ ਨਗਦੀ ਕੋਈ ਨਹੀਂ ਹੈ | ਕਿਸਾਨ ਰਜਿੰਦਰ ਕੁਮਾਰ ਵਾਸੀ ਭਦੌੜ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਬੈਂਕ ਵਿਚ ਢਾਈ ਲੱਖ ਦੀ ਨਗਦੀ ਲੈਣ ਲਈ ਚੱਕਰ ਲਗਾ ਰਿਹਾ ਹੈ | ਪਰ ਮੈਨੇਜਰ ਅਤੇ ਕੈਸ਼ੀਅਰ ਵਲੋਂ ਨਗਦੀ ਨਹੀਂ ਹੋਣ ਦਾ ਬਹਾਨਾ ਲਗਾ ਕੇ ਮੋੜ ਦਿੱਤਾ ਜਾਂਦਾ ਹੈ | ਜਿਸ ਕਾਰਨ ਮੇਰਾ ਸਮਾਂ ਬਰਬਾਦ ਹੋ ਰਿਹਾ ਹੈ ਤੇ ਮੈਨੂੰ ਪੇ੍ਰਸ਼ਾਨੀ ਵੀ ਚੱਲਣੀ ਪੈ ਰਹੀ ਹੈ ਜਦਕਿ ਦੇਖਣ ਵਿਚ ਆਇਆ ਕਿ ਮੈਨੇਜਰ ਦੇ ਖ਼ਾਸ ਵਿਅਕਤੀਆਂ ਲਈ ਨਗਦੀ ਦੀ ਕੋਈ ਕਮੀ ਨਹੀਂ ਹੈ | ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੇ ਪੰਜਾਬ ਨੈਸ਼ਨਲ ਬੈਂਕ ਦੇ ਖੇਤਰੀ ਅਧਿਕਾਰੀ ਸੁਧੀਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੈਂਕਾਂ ਅੰਦਰ ਵੱਡੀਆਂ ਰਕਮਾਂ ਦੇਣ ਲਈ ਤਾਂ ਸਮਾਂ ਲੱਗ ਰਿਹਾ ਹੈ ਪਰ ਢਾਈ ਲੱਖ ਦੀ ਮਾਮੂਲੀ ਰਕਮ ਤਾਂ ਬਰਾਂਚ ਨੂੰ ਦੇਣੀ ਬਣਦੀ ਹੈ, ਉੱਚ ਅਧਿਕਾਰੀ ਸੁਧੀਰ ਕੁਮਾਰ ਦੇ ਕਹਿਣ ਤੇ ਬੈਂਕ ਵਲੋਂ ਕੈਸ਼ ਦਿੱਤਾ ਗਿਆ | ਰਜਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਹੋਰ ਬੈਂਕਾਂ ਆਪਣੇ ਗ੍ਰਾਹਕਾਂ ਨੂੰ ਕੈਸ਼ ਦੇਣ ਲਈ ਰੋਜ਼ਾਨਾ ਆਪਣੀਆਂ ਬਰਨਾਲਾ ਦੀਆਂ ਮੁੱਖ ਬਰਾਚਾਂ ਵਿਚੋਂ ਨਕਦੀ ਲੈ ਆਉਂਦੇ ਹਨ ਪਰ ਪੀ.ਐਨ.ਬੀ ਵਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ | ਇਸ ਸਬੰਧੀ ਜਦੋਂ ਬਰਾਂਚ ਮੈਨੇਜਰ ਅਭੀਜੋਤ ਰਤਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਸ਼ ਦੀ ਦਿੱਕਤ ਚੱਲ ਰਹੀ ਹੈ | ਜਦੋਂ ਸਾਡੇ ਕੋਲ ਗ੍ਰਾਹਕਾਂ ਦਾ ਕੈਸ਼ ਆ ਜਾਂਦਾ ਹੈ ਤਾਂ ਕੈਸ਼ ਲੈਣ ਵਾਲਿਆਂ ਨੂੰ ਵੰਡ ਦਿੱਤਾ ਜਾਂਦਾ ਹੈ |