ਟੱਲੇਵਾਲ, 9 ਅਪੈ੍ਰਲ (ਸੋਨੀ ਚੀਮਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਦੀਵਾਨਾ ਪਿਛਲੇ 15 ਸਾਲ ਤੋਂ ਇਲਾਕੇ ਦੇ ਪਾਠਕਾਂ ਦਾ ਕੇਂਦਰ ਹੈ | ਜਿੱਥੋਂ ਪਾਠਕ ਪੁਸਤਕਾਂ ਦਾ ਅਦਾਨ-ਪ੍ਰਦਾਨ ਕਰਦੇ ਹਨ | ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸਹਿਯੋਗ ਨਾਲ ਚੱਲ ਰਹੀ ਲਾਇਬ੍ਰੇਰੀ ਵਿਚ ਪਾਠਕਾਂ, ਪਿੰਡ ਵਾਸੀਆਂ, ਐਨ.ਆਰ.ਆਈਜ ਵੀਰਾਂ ਦੇ ਸਹਿਯੋਗ ਨਾਲ ਸਮੇਂ-ਸਮੇਂ 'ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ | ਤਾਜ਼ਾ ਅਗਾਂਹਵਧੂ ਸਾਹਿਤ ਮੁਹੱਈਆ ਕਰਵਾਇਆ ਜਾਂਦਾ ਹੈ | ਜਾਣਕਾਰੀ ਦਿੰਦਿਆਂ ਲਾਇਬ੍ਰੇਰੀ ਪ੍ਰਧਾਨ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ, ਐਨ.ਆਰ.ਆਈਜ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਦਿਆਰਥੀਆਂ, ਜਗਿਆਸੂਆਂ ਲਈ ਭਾਰਤੀ ਫ਼ਲਸਫ਼ੇ ਬਾਰੇ 12 ਅਪ੍ਰੈਲ, ਦਿਨ ਐਤਵਾਰ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਜਿਸ ਦੌਰਾਨ ਪਬਲਿਕ ਲਾਇਬ੍ਰੇਰੀ ਵਿਚ ਬਾਅਦ ਦੁਪਹਿਰ 2:30 ਵਜੇ ਵਿਦਵਾਨ ਆਲੋਚਕ ਪ੍ਰੋ: ਐੱਚ.ਐੱਸ. ਡਿੰਪਲ ਸਰੋਤਿਆਂ ਨਾਲ ਭਾਰਤੀ ਫ਼ਲਸਫ਼ੇ, ਦਰਸ਼ਨ ਬਾਰੇ ਨਾਲ ਗੱਲਬਾਤ ਕਰਨਗੇ | ਪ੍ਰੋ: ਡਿੰਪਲ ਪੀ.ਸੀ.ਐਸ ਅਧਿਕਾਰੀ ਹਨ, ਆਪਣੀਆਂ ਉਸਾਰੂ ਸਾਹਿਤਕ ਅਤੇ ਫ਼ਲਸਫ਼ਾਨਾ ਟਿੱਪਣੀਆਂ ਲਈ ਜਾਣੇ ਜਾਂਦੇ ਜਨਤਕ ਬੁੱਧੀਜੀਵੀ ਹਨ | ਉਹ ਭਾਰਤੀ ਫ਼ਲਸਫ਼ੇ ਦੀਆਂ ਪਦਾਰਥਵਾਦੀ ਅਤੇ ਵਿਚਾਰਵਾਦੀ ਧਾਰਾਵਾਂ ਬਾਰੇ ਵਿਸਥਾਰ ਨਾਲ ਚਰਚਾ ਕਰਨਗੇ | ਲਾਇਬ੍ਰੇਰੀ ਟੀਮ ਨੇ ਇਲਾਕੇ ਦੇ ਵਿਦਿਆਰਥੀਆਂ, ਜਗਿਆਸੂਆਂ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸੰਵਾਦ, ਗਿਆਨ ਦਾ ਵਟਾਂਦਰਾ ਸਾਨੂੰ ਵਿਚਾਰਕ ਤੌਰ 'ਤੇ ਅਮੀਰ ਅਤੇ ਖੁੱਲ੍ਹਦਿਲੇ ਬਣਾਉਂਦਾ ਹੈ | ਇਸ ਮੌਕੇ ਲਾਇਬ੍ਰੇਰੀ ਟੀਮ ਵਲੋਂ ਗੁਰਮੇਲ ਸਿੰਘ, ਪਰਦੀਪ ਦੀਵਾਨਾ, ਵਰਿੰਦਰ ਦੀਵਾਨਾ, ਜਗਸੀਰ ਸਿੰਘ ਸਿੱਧੂ, ਬਲਜੀਤ ਦੀਵਾਨਾ, ਰਮਨਦੀਪ ਸਿੰਘ, ਸੁਲਤਾਨ ਦੀਵਾਨਾ, ਡਾ: ਇੰਦਰਜੀਤ ਸਿੰਘ ਸੋਹੀਆਂ ਆਦਿ ਹਾਜ਼ਰ ਸਨ |