ਪਿੰਡ ਕਰਮਗੜ੍ਹ ਵਿਖੇ ਮਜ਼ਦੂਰਾਂ ਵਲੋਂ ਦੋ ਮਹੀਨਿਆਂ ਦੀ ਬਕਾਇਆ ਮਜ਼ਦੂਰੀ ਜਾਰੀ ਕਰਨ ਦੀ ਮੰਗ
ਮਹਿਲ ਕਲਾਂ, 5 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਨੇੜਲੇ ਪਿੰਡ ਕਰਮਗੜ੍ਹ ਵਿਖੇ ਵੀ. ਬੀ.
ਮਹਿਲ ਕਲਾਂ, 5 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਨੇੜਲੇ ਪਿੰਡ ਕਰਮਗੜ੍ਹ ਵਿਖੇ ਵੀ.ਬੀ.ਜੀ. ਰਾਮਜੀ ਕਾਨੂੰਨ ਤਹਿਤ ਜੰਗਲਾਤ ਵਿਭਾਗ ਲਈ ਬੂਟੇ ਲਾਉਣ ਅਤੇ ਪਾਣੀ ਪਾਉਣ ਦਾ ਕੰਮ ਕਰ ਰਹੇ ਮਜ਼ਦੂਰਾਂ ਦੀ ਇੱਕ ਅਹਿਮ ਮੀਟਿੰਗ ਮੇਵਾ ਸਿੰਘ ਅਤੇ ਨਛੱਤਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦੇ ਪਿਛਲੇ ਦੋ ਮਹੀਨਿਆਂ ਦੇ ਪੈਸਿਆਂ ਦੀ ਅਜੇ ਤੱਕ ਕੋਈ ਅਦਾਇਗੀ ਨਹੀਂ ਕੀਤੀ ਗਈ। ਇਸ ਮੌਕੇ ਹਾਜ਼ਰ ਮਜ਼ਦੂਰ ਪਰਮਜੀਤ ਕੌਰ, ਮਨਜੀਤ ਕੌਰ, ਬਲਜੀਤ ਕੌਰ ਅਤੇ ਬਾਲਮਕੰਦ ਸਿੰਘ ਨੇ ਸਮੱਸਿਆ ਜ਼ਾਹਿਰ ਕਰਦਿਆਂ ਦੱਸਿਆ ਕਿ ਮਜ਼ਦੂਰਾਂ ਦੀ ਡਿਜੀਟਲ ਹਾਜ਼ਰੀ ਕੰਮ ਵਾਲੀ ਥਾਂ ਤੋਂ ਕਾਫ਼ੀ ਦੂਰ ਲਗਾਈ ਜਾਂਦੀ ਹੈ, ਜਦਕਿ ਕੰਮ ਕਿਸੇ ਹੋਰ ਦੂਰ-ਦੁਰਾਡੇ ਸਥਾਨ ’ਤੇ ਕਰਵਾਇਆ ਜਾਂਦਾ ਹੈ। ਇਸ ਕਾਰਨ ਮਜ਼ਦੂਰਾਂ ਦੇ ਸਮੇਂ ਅਤੇ ਕੰਮ ਦਾ ਭਾਰੀ ਨੁਕਸਾਨ ਹੁੰਦਾ ਹੈ। ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਮੰਗ ਕੀਤੀ ਕਿ ਡਿਜੀਟਲ ਹਾਜ਼ਰੀ ਕੰਮ ਸ਼ੁਰੂ ਹੋਣ ਅਤੇ ਸ਼ਾਮ ਨੂੰ ਬੰਦ ਹੋਣ ਵਾਲੀ ਥਾਂ ’ਤੇ ਹੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਨੂੰ ਪੂਰੀ ਤਰ੍ਹਾਂ ਬਹਾਲ ਕਰਵਾਉਣ ਅਤੇ ਵੀ.ਬੀ.ਜੀ. ਰਾਮਜੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਦੇਸ਼ ਅਤੇ ਸੂਬਾ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸੇ ਸਬੰਧ ਵਿਚ ਅਗਲੀ ਰਣਨੀਤੀ ਉਲੀਕਣ ਲਈ 10 ਅਕਤੂਬਰ (ਸ਼ਨੀਵਾਰ) ਨੂੰ ਸਵੇਰੇ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਸੱਦੀ ਗਈ ਹੈ। ਮਜ਼ਦੂਰਾਂ ਨੇ ਇਸ ਮੀਟਿੰਗ ਵਿਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ।