ਐਮ.ਪੀ. ਮੀਤ ਹੇਅਰ ਦੇ ਵਿਕਾਸ ਕੰਮਾਂ ਦੇ ਬੋਰਡ ਲਗਾਉਣ ਦੇ ਚੈਲੰਜ ਨਾਲ ਬਰਨਾਲਾ ਦੀ ਸਿਆਸਤ ਭਖੀ
ਬਰਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਹਲਕਾ ਬਰਨਾਲਾ ਦੇ ਪਿੰਡਾਂ ਅੰਦਰ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੇ ਬੋਰਡ ਲਗਾਉਣ ਨੂੰ ਲੈ ਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਦਿੱਤੇ ਗਏ ਚੈਲੰਜ ਤੋਂ ਬਾਅਦ ਹਲਕੇ ਦੀ ਸਿਆਸੀ ਫਿਜ਼ਾ ਪੂਰੀ ਤਰ੍ਹਾਂ ਗਰਮਾ ਗਈ ਹੈ। ਜਿੱਥੇ ਆਮ ਆਦਮੀ ਪਾਰਟੀ ਵਲੋਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕੰਮਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਇਸ ਚੈਲੰਜ ਨੂੰ ਕਬੂਲ ਕਰਦਿਆਂ ਪਿਛਲੀਆਂ ਸਰਕਾਰਾਂ ਦੌਰਾਨ ਬਰਨਾਲਾ ਸ਼ਹਿਰ ਅਤੇ ਪਿੰਡਾਂ ਵਿਚ ਕਰਵਾਏ ਗਏ ਵਿਕਾਸ ਕੰਮਾਂ ਅਤੇ ਮਿਲੀਆਂ ਗ੍ਰਾਂਟਾਂ ਦੇ ਵੀ ਬਰਾਬਰ ਬੋਰਡ ਲਗਾਉਣ ਦੀ ਮੰਗ ਕਰ ਦਿੱਤੀ ਹੈ।
ਬਰਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਹਲਕਾ ਬਰਨਾਲਾ ਦੇ ਪਿੰਡਾਂ ਅੰਦਰ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੇ ਬੋਰਡ ਲਗਾਉਣ ਨੂੰ ਲੈ ਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਦਿੱਤੇ ਗਏ ਚੈਲੰਜ ਤੋਂ ਬਾਅਦ ਹਲਕੇ ਦੀ ਸਿਆਸੀ ਫਿਜ਼ਾ ਪੂਰੀ ਤਰ੍ਹਾਂ ਗਰਮਾ ਗਈ ਹੈ। ਜਿੱਥੇ ਆਮ ਆਦਮੀ ਪਾਰਟੀ ਵਲੋਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕੰਮਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਇਸ ਚੈਲੰਜ ਨੂੰ ਕਬੂਲ ਕਰਦਿਆਂ ਪਿਛਲੀਆਂ ਸਰਕਾਰਾਂ ਦੌਰਾਨ ਬਰਨਾਲਾ ਸ਼ਹਿਰ ਅਤੇ ਪਿੰਡਾਂ ਵਿਚ ਕਰਵਾਏ ਗਏ ਵਿਕਾਸ ਕੰਮਾਂ ਅਤੇ ਮਿਲੀਆਂ ਗ੍ਰਾਂਟਾਂ ਦੇ ਵੀ ਬਰਾਬਰ ਬੋਰਡ ਲਗਾਉਣ ਦੀ ਮੰਗ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਮੀਤ ਹੇਅਰ ਦੇ ਚੈਲੰਜ ਨੂੰ ਕਬੂਲ ਕਰਦਿਆਂ ਕਿਹਾ ਕਿ ਜੇਕਰ ਵਿਕਾਸ ਕੰਮਾਂ ਦੇ ਬੋਰਡ ਲਗਾਉਣੇ ਹਨ ਤਾਂ ਫਿਰ ਅਕਾਲੀ ਸਰਕਾਰ ਸਮੇਂ ਬਰਨਾਲਾ ਸ਼ਹਿਰ ਅਤੇ ਪਿੰਡਾਂ ਵਿਚ ਕਰਵਾਏ ਗਏ ਵਿਕਾਸ ਕੰਮਾਂ ਅਤੇ ਇਸ ਸਮੇਂ ਦੌਰਾਨ ਆਈਆਂ ਵੱਖ-ਵੱਖ ਗ੍ਰਾਂਟਾਂ ਦਾ ਵੀ ਪੂਰਾ ਵੇਰਵਾ ਲੋਕਾਂ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਖ਼ੁਦ ਅੰਦਾਜ਼ਾ ਹੋ ਜਾਵੇਗਾ ਕਿ ਕਿਸ ਸਰਕਾਰ ਦੇ ਸਮੇਂ ਹਲਕੇ ਅੰਦਰ ਕਿੰਨਾ ਵਿਕਾਸ ਹੋਇਆ। ਉਨ੍ਹਾਂ ਮੀਤ ਹੇਅਰ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਬਰਨਾਲਾ ਲਈ ਲਿਆਂਦਾ ਗਿਆ ਇਕ ਵੀ ਵੱਡਾ ਅਤੇ ਨਵਾਂ ਪ੍ਰਾਜੈਕਟ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ, ਜਿਸ ਨੂੰ ਹਲਕੇ ਦੇ ਵਿਕਾਸ ਲਈ ਮੀਲ ਪੱਥਰ ਕਿਹਾ ਜਾ ਸਕੇ। ਦੂਜੇ ਪਾਸੇ ਕਾਂਗਰਸ ਪਾਰਟੀ ਵਲੋਂ ਵੀ ਮੀਤ ਹੇਅਰ ਵਲੋਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਜਾ ਰਹੇ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਸੀਵਰੇਜ ਪਾਉਣਾ, ਸੜਕਾਂ ਉਪਰ ਪ੍ਰੀਮਿਕਸ ਪਾਉਣਾ ਅਤੇ ਇੰਟਰਲਾਕ ਟਾਈਲਾਂ ਲਗਾਉਣ ਵਰਗੇ ਰੁਟੀਨ ਵਿਕਾਸ ਕੰਮਾਂ ਨੂੰ ਹੀ ਆਮ ਆਦਮੀ ਪਾਰਟੀ ਦੇ ਆਗੂ ਵੱਡੇ ਪ੍ਰਾਜੈਕਟਾਂ ਵਜੋਂ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਕੰਮਾਂ ਲਈ ਕੇਂਦਰ ਸਰਕਾਰ ਵਲੋਂ ਫੰਡ ਮੁਹੱਈਆ ਕਰਵਾਏ ਗਏ ਹਨ, ਇਸ ਲਈ ਇਨ੍ਹਾਂ ਨੂੰ ਕਿਸੇ ਇਕ ਪਾਰਟੀ ਦੀ ਪ੍ਰਾਪਤੀ ਵਜੋਂ ਪੇਸ਼ ਕਰਨਾ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਮੱਖਣ ਸ਼ਰਮਾ ਨੇ ਕਿਹਾ ਕਿ ਜੇਕਰ ਵਿਕਾਸ ਕੰਮਾਂ ਦੇ ਬੋਰਡ ਲਗਾਉਣ ਦੀ ਸ਼ੁਰੂਆਤ ਕੀਤੀ ਹੀ ਜਾ ਰਹੀ ਹੈ ਤਾਂ ਬੋਰਡਾਂ ਉਪਰ ਕੰਮ ਦੀ ਕੁੱਲ ਲਾਗਤ ਦੇ ਨਾਲ-ਨਾਲ ਫੰਡ ਜਾਰੀ ਕਰਨ ਵਾਲੀ ਏਜੰਸੀ ਅਤੇ ਕੰਮ ਦੀ ਅਸਲ ਪ੍ਰਕਿਰਤੀ ਦਾ ਵੀ ਜ਼ਿਕਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ। ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਵਿਕਾਸ ਕੰਮਾਂ ਦੇ ਬੋਰਡ ਲਗਾਉਣ ਨੂੰ ਲੈ ਕੇ ‘ਆਪ’ ਆਗੂਆਂ ਉਪਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਲਈ ਸਰਕਾਰ ਪਾਸੋਂ ਗ੍ਰਾਂਟਾਂ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਸਰਕਾਰ ਦੇ ਸਮੇਂ ਵੱਖ-ਵੱਖ ਵਿਕਾਸ ਕੰਮਾਂ ਲਈ ਗ੍ਰਾਂਟਾਂ ਜਾਰੀ ਹੁੰਦੀਆਂ ਰਹੀਆਂ ਹਨ ਅਤੇ ਉਨ੍ਹਾਂ ਨਾਲ ਵਿਕਾਸ ਕਾਰਜ ਵੀ ਕਰਵਾਏ ਜਾਂਦੇ ਹਨ। ਕਾਲਾ ਢਿੱਲੋਂ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਆਪਣੇ ਕਰਵਾਏ ਵਿਕਾਸ ਕੰਮਾਂ ਦੇ ਬੋਰਡ ਲਗਾ ਰਹੀ ਹੈ ਤਾਂ ਇਸ ਦੇ ਨਾਲ-ਨਾਲ ਹਲਕਾ ਬਰਨਾਲਾ ਵਿਚ ਪਿਛਲੇ ਸਮੇਂ ਤੋਂ ਅਧੂਰੇ ਪਏ ਪ੍ਰਾਜੈਕਟਾਂ ਦੇ ਵੀ ਬੋਰਡ ਲਗਾਏ ਜਾਣ। ਇਸ ਨਾਲ ਲੋਕਾਂ ਨੂੰ ਇਹ ਪਤਾ ਲੱਗ ਸਕੇਗਾ ਕਿ ਹਲਕਾ ਬਰਨਾਲਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲ ਕਾਰਗੁਜ਼ਾਰੀ ਕੀ ਰਹੀ ਹੈ। ਇਸ ਤਰ੍ਹਾਂ ਵਿਕਾਸ ਕੰਮਾਂ ਦੇ ਬੋਰਡ ਲਗਾਉਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਸਿਰਫ਼ ਬੋਰਡਾਂ ਤੱਕ ਸੀਮਤ ਨਾ ਰਹਿ ਕੇ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਦੇ ਵਿਕਾਸ ਕਾਰਜਾਂ ਦੀ ਤੁਲਨਾ ਤੱਕ ਪਹੁੰਚ ਗਿਆ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਜਿੱਥੇ ਇਸ ਮੁੱਦੇ ਨੂੰ ਲੈ ਕੇ ਬਰਨਾਲਾ ਦੀ ਸਿਆਸੀ ਸਿਆਸਤ ਹੋਰ ਗਰਮਾਉਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ ਉਥੇ ਹੁਣ ਇਹ ਵੀ ਦੇਖਣਾ ਹੋਵੇਗਾ ਐਮ.ਪੀ. ਮੀਤ ਹੇਅਰ ਵਿਰੋਧੀਆਂ ਪਾਰਟੀਆਂ ਦੇ ਆਗੂਆਂ ਨੂੰ ਇਸ ਸਬੰਧੀ ਕੀ ਜਵਾਬ ਦਿੰਦੇ ਹਨ?