ਸ਼ਹਿਣਾ, 10 ਅਪ੍ਰੈਲ (ਸੁਰੇਸ਼ ਗੋਗੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਉਗੋਕੇ ਦੇ ਹੋਣਹਾਰ ਜੰਮਪਲ ਹਰਜੀਤ ਸਿੰਘ ਭੰਦੋਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ 41ਵੀਂ ਕਨਵੋਕੇਸ਼ਨ ਦੌਰਾਨ ਕਾਨੂੰਨ ਵਿਸ਼ੇ ਵਿਚ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕਰ ਕੇ -ਡਾਕਟਰ' ਦੀ ਉਪਾਧੀ ਹਾਸਲ ਕੀਤੀ ਹੈ | ਨੌਕਰੀ ਦੇ ਨਾਲ-ਨਾਲ ਸਿੱਖਣ ਦੀ ਲਗਨ ਨੂੰ ਬਰਕਰਾਰ ਰੱਖਣ ਵਾਲੇ ਡਾ: ਭੰਦੋਲ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ | ਖੋਜ ਕਾਰਜ ਅਤੇ ਅਕਾਦਮਿਕ ਪ੍ਰਾਪਤੀਆਂ ਡਾ: ਭੰਦੋਲ ਨੇ ਆਪਣਾ ਖੋਜ ਪ੍ਰਬੰਧ ਡਾ: ਰਾਜਦੀਪ ਸਿੰਘ ਦੀ ਅਗਵਾਈ ਹੇਠ ਸਫਲਤਾਪੂਰਵਕ ਮੁਕੰਮਲ ਕੀਤਾ | ਉਨ੍ਹਾਂ ਦਾ ਖੋਜ ਵਿਸ਼ਾ ਪੰਜਾਬ ਦੇ ਮਾਲਵਾ ਖੇਤਰ ਦੇ ਦਲਿਤ ਪਰਿਵਾਰਾਂ ਦੀ ਨਜ਼ੂਲ ਜ਼ਮੀਨ ਦੀ ਵਰਤੋਂ ਨਾਲ ਹੋਈ ਸਮਾਜਿਕ ਇੰਜੀਨੀਅਰਿੰਗ ਜਿਹੇ ਸੰਵੇਦਨਸ਼ੀਲ ਮੁੱਦੇ ਨਾਲ ਸਬੰਧਿਤ ਸੀ | ਜ਼ਿਕਰਯੋਗ ਹੈ ਕਿ ਡਾ: ਭੰਦੋਲ ਮੌਜੂਦਾ ਸਮੇਂ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵਿਚ ਬਤੌਰ ਸਹਾਇਕ ਰਜਿਸਟਰਾਰ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾ ਰਹੇ ਹਨ | ਇਸ ਵਡਮੁੱਲੀ ਪ੍ਰਾਪਤੀ ਮੌਕੇ ਡਾ: ਭੰਦੋਲ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਆਪਣੇ ਅਧਿਆਪਕਾਂ, ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ