08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸਿਵਲ ਹਸਪਤਾਲ ਬਰਨਾਲਾ ਵਿਖੇ ਨਾ ਰਿਹਾ ਪਾਰਕ, ਨਾ ਬਣਿਆ ਫੈਸਿਲੀਟੇਸ਼ਨ ਸੈਂਟਰ

Ad Position 21
No active advertisement
ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿਚ ਪਏ ਵੱਡੇ-ਵੱਡੇ ਟੋਏ ਤੇ ਗੰਦਗੀ ਦਾ ਦਿ੍ਸ਼ | ਤਸਵੀਰਾਂ: ਰਿੰਪੀ ਸਟੂਡੀਓ <br/> 16-04-2026
ਬਰਨਾਲਾ, 15 ਅਪ੍ਰੈਲ (ਨਰਿੰਦਰ ਅਰੋੜਾ)-ਸਿਵਲ ਹਸਪਤਾਲ ਬਰਨਾਲਾ ਵਿਖੇ ਅੰਦਰ ਦਾਖਲ ਹੁੰਦਿਆਂ ਹੀ ਇਕ ਸੁੰਦਰ ਪਾਰਕ ਬਣਿਆ ਹੋਇਆ ਸੀ ਅਤੇ ਇਸ ਪਾਰਕ ਵਿਚ ਬੈਂਚ, ਰੁੱਖ ਅਤੇ ਪੌਦੇ ਲੱਗੇ ਹੋਏ ਸਨ, ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਸਕੂਨ ਦਾ ਸਾਧਨ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਇਸ ਪਾਰਕ ਨੂੰ ਫੈਸਿਲੀਟੇਸ਼ਨ ਸੈਂਟਰ ਬਣਾਉਣ ਦੇ ਨਾਮ 'ਤੇ ਪੁੱਟ ਦਿੱਤਾ ਗਿਆ ਅਤੇ ਪ੍ਰਸ਼ਾਸਨਿਕ ਅਣਦੇਖੀ ਕਾਰਨ ਹੁਣ ਇਹ ਪਾਰਕ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ | ਪਾਰਕ ਵਿਚ ਵੱਡੇ-ਵੱਡੇ ਟੋਏ ਪਏ ਹਨ, ਬੈਂਚ ਟੁੱਟੇ ਹੋਏ ਹਨ, ਗੰਦਾ ਪਾਣੀ ਖੜ੍ਹਾ ਹੈ ਅਤੇ ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ | ਇਸ ਸਬੰਧੀ ਬਰਨਾਲਾ ਨਿਵਾਸੀ ਭਾਜਪਾ ਦੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਮੋਨੂ, ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਸ਼ੀ ਬਾਂਸਲ, ਇੰਦਰ, ਰਾਜੀਵ ਬਾਂਸਲ ਮਿੰਕਾ, ਪ੍ਰਦੀਪ ਸਿੰਗਲਾ, ਅਮਿਤ ਗਰਗ, ਗੁਰਪ੍ਰੀਤ ਸਿੰਘ ਜੰਡੂ, ਨਰੇਸ਼ ਮਿੱਤਲ, ਚਰਨਜੀਵ ਗੋਇਲ ਅਤੇ ਹੋਰਨਾਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੀ ਆਬਾਦੀ ਲੱਖਾਂ ਵਿਚ ਹੈ | ਜ਼ਿਲ੍ਹਾ ਸਿਵਲ ਹਸਪਤਾਲ ਵਿਚ ਇਹ ਇਕਲੌਤਾ ਪਾਰਕ ਸੀ | ਹਸਪਤਾਲ ਦੀ ਓ.ਪੀ.ਡੀ. ਰੋਜ਼ਾਨਾ ਹਜ਼ਾਰਾਂ ਵਿਚ ਹੈ | ਪਰਚੀ ਕਟਵਾਉਣ ਲਈ ਵੀ ਕੜਕਦੀ ਧੁੱਪ ਵਿਚ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ਅਤੇ ਹਸਪਤਾਲ ਦੇ ਅੰਦਰ ਵੀ ਬਹੁਤ ਭੀੜ ਹੁੰਦੀ ਹੈ ਅਤੇ ਇਸ ਕੜਕ ਦੀ ਧੁੱਪ ਵਿਚ ਕਈ ਮਰੀਜ਼ ਜਾਂ ਉਨ੍ਹਾਂ ਦੇ ਵਾਰਿਸ ਚੱਕਰ ਖਾ ਕੇ ਵੀ ਡਿਗ ਜਾਂਦੇ ਹਨ ਇਹ ਪਾਰਕ ਉਨ੍ਹਾਂ ਲਈ ਵਰਦਾਨ ਸਿੱਧ ਹੁੰਦਾ ਹੈ | ਕਈ ਵਾਰ ਹਸਪਤਾਲ ਦਾ ਸਟਾਫ਼ ਜਾਂ ਮਰੀਜ਼ਾਂ ਦੇ ਵਾਰਿਸ ਇਸ ਪਾਰਕ ਵਿਚ ਰੁੱਖਾਂ ਦੇ ਥੱਲੇ ਬੈਠ ਕੇ ਰੋਟੀ ਖਾਂਦੇ ਅਤੇ ਆਰਾਮ ਕਰਦੇ ਦੇਖੇ ਜਾ ਸਕਦੇ ਸਨ | ਉਨ੍ਹਾਂ ਦੱਸਿਆ ਕਿ ਇਸ ਪਾਰਕ ਨੂੰ ਫੈਸਿਲੀਟੇਸ਼ਨ ਸੈਂਟਰ ਬਣਾਉਣ ਦੇ ਨਾਮ 'ਤੇ ਪੁੱਟਿਆ ਗਿਆ ਸੀ ਅਤੇ ਸਿਵਲ ਹਸਪਤਾਲ ਬਚਾਓ ਕਮੇਟੀ ਅਤੇ ਵਾਤਾਵਰਨ ਪ੍ਰੇਮੀਆਂ ਵਲੋਂ ਇਸ ਉਜਾੜੇ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ ਸੀ | ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵਾਤਾਵਰਨ ਪ੍ਰੇਮੀਆਂ ਨਾਲ ਮੀਟਿੰਗ ਕਰ ਕੇ ਭਰੋਸਾ ਦਿੱਤਾ ਗਿਆ ਸੀ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਇਕ ਪਾਰਕ ਜ਼ਰੂਰ ਬਣੇਗਾ | ਉਸ ਤੋਂ ਬਾਅਦ ਹੀ ਇੱਥੇ ਫੈਸਿਲੀਟੇਸ਼ਨ ਸੈਂਟਰ ਬਣਾਇਆ ਜਾਵੇਗਾ | ਪਰ ਲੰਬਾ ਸਮਾਂ ਬੀਤ ਚੁੱਕਾ ਹੈ ਇੱਥੇ ਨਾ ਤਾਂ ਫੈਸਿਲੀਟੇਸ਼ਨ ਸੈਂਟਰ ਬਣਿਆ ਅਤੇ ਨਾ ਹੀ ਪਾਰਕ ਸਬੰਧੀ ਕੋਈ ਜਾਣਕਾਰੀ ਦਿੱਤੀ ਗਈ | ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਰਫ਼ ਵੱਡੇ-ਵੱਡੇ ਬੋਰਡ ਲਗਾ ਕੇ ਆਪਣੀ ਵਾਹ-ਵਾਹ ਨਾ ਖੱਟੀ ਜਾਵੇ | ਜ਼ਮੀਨੀ ਪੱਧਰ 'ਤੇ ਝਾਤ ਮਾਰ ਕੇ ਸਿਹਤ ਸੁਵਿਧਾਵਾਂ ਬਾਰੇ ਸੋਚਿਆ ਜਾਵੇ | ਇੱਥੇ ਮਰੀਜ਼ ਠੀਕ ਹੋਣ ਆਉਂਦੇ ਹਨ, ਨਾ ਕਿ ਬਿਮਾਰ ਹੋਣ | ਉਨ੍ਹਾਂ ਮੰਗ ਕੀਤੀ ਕਿ ਜਲਦ ਹੀ ਮੀਟਿੰਗ ਕਰ ਕੇ ਪਾਰਕ ਨੂੰ ਦੁਬਾਰਾ ਵਿਕਸਿਤ ਕੀਤਾ ਜਾਵੇ ਤਾਂ ਜੋ ਅੱਤ ਦੀ ਗਰਮੀ ਵਿਚ ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਇਸ ਪਾਰਕ ਵਿਚ ਬੈਠ ਕੇ ਸੁੱਖ ਦਾ ਸਾਹ ਲੈ ਸਕਣ | ਜਦੋਂ ਇਸ ਮਾਮਲੇ ਸਬੰਧੀ ਐਸ.ਐਮ.ਓ. ਬਰਨਾਲਾ ਡਾ: ਇੰਦੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁੱਝ ਜਥੇਬੰਦੀਆਂ ਵਲੋਂ ਫੈਸਿਲੀਟੇਸ਼ਨ ਸੈਂਟਰ ਦਾ ਵਿਰੋਧ ਕੀਤਾ ਗਿਆ ਸੀ, ਪਰ ਹੁਣ ਉਨ੍ਹਾਂ ਨਾਲ ਸਹਿਮਤੀ ਬਣ ਗਈ ਹੈ | ਜਲਦ ਹੀ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕਰਨ ਤੋਂ ਬਾਅਦ ਇੱਥੇ ਫੈਸਿਲੀਟੇਸ਼ਨ ਸੈਂਟਰ ਬਣਨਾ ਸ਼ੁਰੂ ਕਰ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸ਼ਿਮਲਾ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ-ਸ਼ਾਮਿਲ ਹੋਏ ਵੱਡੀ ਗਿਣਤੀ 'ਚ ਲੋਕ ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਹੋਈ ਤੇਜ਼, ਖ਼ਰੀਦ ਅਜੇ ਨਾਮਾਤਰ
Ad Position 24