ਟੱਲੇਵਾਲ, 15 ਅਪੈ੍ਰਲ (ਸੋਨੀ ਚੀਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਤੇ ਪਿ੍ੰਸੀਪਲ ਚਰਨਦੀਪ ਸਿੰਘ (ਡਾ:) ਦੀ ਯੋਗ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੇ ਡਰੈਸ ਡਿਜ਼ਾਇਨਿੰਗ ਵਿਭਾਗ ਵਲੋਂ ਗੁਰਦੁਆਰਾ ਭਗਤੂਆਣਾ ਸਾਹਿਬ ਦੇ ਬਾਹਰ ਪਰਵੇਸ਼ ਦਰਵਾਜ਼ੇ ਕੋਲ ਕਲਾ ਪ੍ਰਦਰਸ਼ਨੀ ਲਗਾਈ ਗਈ | ਖ਼ਾਲਸਾ ਪੰਥ ਦੇ ਸਾਜਨਾ ਦਿਵਸ (ਵਿਸਾਖੀ) ਮੌਕੇ 'ਤੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਗੁਰਦੁਆਰਾ ਭਗਤੂਆਣਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਹੋਇਆਂ ਸੰਸਥਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਸੰਸਥਾ ਵਲੋਂ ਲਗਾਈ ਗਈ ਕਲਾ ਪ੍ਰਦਰਸ਼ਨੀ ਵਿਚ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਗਏ ਹੱਥੀ ਕਢਾਈ ਦੇ ਸੂਟ, ਪੇਂਟਿੰਗ ਦੇ ਸੂਟ ਅਤੇ ਹੋਰ ਸਭਿਆਚਾਰਕ ਵਸਤੂਆਂ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ਚਰਨਦੀਪ ਸਿੰਘ (ਡਾ:) ਨੇ ਪ੍ਰੋ: ਲਭਜੀਤ ਕੌਰ ਅਤੇ ਵਿਦਿਆਰਥਣਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਵਿਦਿਆਰਥਣਾਂ ਨੂੰ ਆਪਣੀ ਕਲਾ ਨੂੰ ਸਾਂਝਾ ਕਰਨ ਅਤੇ ਵਿਸ਼ਵਾਸ ਨਾਲ ਅੱਗੇ ਵਧਣ ਦਾ ਮੌਕਾ ਦਿੰਦੇ ਹਨ | ਉਨ੍ਹਾਂ ਨੇ ਦੱਸਿਆ ਕਿ ਕਾਲਜ ਵਲੋਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਮੁੱਖ ਮਕਸਦ ਵਿਦਿਆਰਥਣਾਂ ਨੂੰ ਸਮੇਂ ਦੇ ਹਾਣੀ ਬਣਾਉਣਾ ਅਤੇ ਹੱਥੀ ਕਿਰਤ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਕਾਲਜ ਦੇ ਅਧਿਆਪਕਾਂ ਵਲੋਂ ਮਾਪਿਆਂ ਨੂੰ ਸੰਸਥਾ ਵਿਖੇ ਵਿੱਦਿਅਕ ਵਰ੍ਹੇ 2026-27 ਲਈ ਦਾਖ਼ਲੇ ਸਬੰਧੀ ਜਾਣਕਾਰੀ ਵੀ ਦਿੱਤੀ | ਇਸ ਸਮੇਂ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਅਤੇ ਉੱਘੇ ਸਮਾਜ ਸੇਵੀ ਐਨ.ਆਰ.ਆਈ ਸ: ਰਾਜ ਸਿੰਘ (ਯੂ.ਐਸ.ਏ.) ਨੇ ਸੰਸਥਾ ਵਲੋਂ ਲਗਾਈ ਕਲਾ ਪ੍ਰਦਰਸ਼ਨੀ ਰਾਹੀਂ ਵਿਦਿਆਰਥਣਾਂ ਦੁਆਰਾ ਆਪਣੇ ਕਲਾ ਦੇ ਪ੍ਰਦਰਸ਼ਨ ਨੂੰ ਸਰਾਹਿਆ ਗਿਆ | ਪਿ੍ੰਸੀਪਲ ਚਰਨਦੀਪ ਸਿੰਘ (ਡਾ:) ਵਲੋਂ ਸ: ਰਾਜ ਸਿੰਘ (ਯੂ.ਐਸ.ਏ.) ਨੂੰ ਸਿਰੋਪਾਉ ਦੇ ਕੇ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੀ ਲੋਕਲ ਕਮੇਟੀ ਦੇ ਚੇਅਰਮੈਨ ਜਗਦੇਵ ਸਿੰਘ ਸੰਧੂ ਨੇ ਵੀ ਸੰਸਥਾ ਵਲੋਂ ਲਗਾਈ ਗਈ ਕਲਾ ਪ੍ਰਦਰਸ਼ਨੀ ਦੀ ਪ੍ਰਸ਼ੰਸਾ ਕੀਤੀ |