ਮਹਿਲ ਕਲਾਂ, 17 ਅਪ੍ਰੈਲ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਖਰੀਦ ਕੇਂਦਰ ਮਹਿਲ ਕਲਾਂ ਦਾ ਦੌਰਾ ਕਰ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਫ਼ਸਲ ਦੀ ਖਰੀਦ ਸ਼ੁਰੂ ਵੀ ਕਾਰਵਾਈ ਗਈ | ਉਨ੍ਹਾਂ ਖਰੀਦ ਕੇਂਦਰ ਮਹਿਲ ਕਲਾਂ ਵਿਖੇ ਆਪਣੀ ਫ਼ਸਲ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਤੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਆਮ ਘਰਾਂ ਦੀ ਤਰ੍ਹਾਂ ਖਰੀਦ ਕੇਂਦਰਾਂ ਵਿਚ ਪੰਜਾਬ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ | ਇਸ ਸਮੇਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਖ਼ਰੀਦਣ ਲਈ ਵਚਨਬੱਧ ਹੈ ਅਤੇ ਖਰੀਦ ਕੀਤੀ ਫ਼ਸਲ ਦੀ ਅਦਾਇਗੀ ਵੀ ਸਹੀ ਸਮੇਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਖਰੀਦ ਕੇਂਦਰਾਂ ਵਿਚ ਕਿਸਾਨਾਂ ਲਈ ਮੁੱਖ ਲੋੜੀਂਦੀਆਂ ਸਹੂਲਤਾਂ ਪਾਣੀ ਬਿਜਲੀ, ਬਾਥਰੂਮ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਤਾਂ ਕਿ ਖਰੀਦ ਕੇਂਦਰਾਂ ਵਿਚ ਆਉਣ ਜਾਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਨਾ ਪਵੇ | ਵਿਧਾਇਕ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਪਨਗ੍ਰੇਨ ਅਤੇ ਪਨਸਪ ਵਲੋਂ ਖਰੀਦ ਕੀਤੀ ਹੈ, ਜਿਉਂ ਜਿਉਂ ਕਿਸਾਨਾਂ ਦੀ ਫ਼ਸਲ ਖਰੀਦ ਕੇਂਦਰਾਂ ਵਿਚ ਆਵੇਗੀ ਤਿਉਂ ਤਿਉਂ ਖਰੀਦ ਪ੍ਰਬੰਧਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ | ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਗੁਰਜੀਤ ਸਿੰਘ ਸਹਿਜੜਾ, ਹਰਸਿਮਰਨਜੀਤ ਸਿੰਘ ਕੁਤਬਾ, ਬਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ ਕਲਾਂ, ਮਨਜੀਤ ਸਿੰਘ ਮਹਿਲ ਕਲਾਂ, ਸਰਬਜੀਤ ਸਿੰਘ ਸੋਢਾ ਆੜ੍ਹਤੀਆ, ਸੰਦੀਪ ਕੁਮਾਰ ਰਿੰਕੂ ਮਹਿਲ ਕਲਾਂ ਤੋਂ ਇਲਾਵਾ ਮਾਰਕੀਟ ਕਮੇਟੀ ਮਹਿਲ ਕਲਾਂ ਦਾ ਸਟਾਫ਼ ਤੇ ਅਧਿਕਾਰੀ ਹਾਜ਼ਰ ਸਨ |