ਤਪਾ ਮੰਡੀ, 18 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਜਿੱਥੇ ਇਕ ਪਾਸੇ ਕਿਸਾਨ ਖ਼ਰਾਬ ਮੌਸਮ ਦੀ ਮਾਰ ਝੱਲ ਰਿਹਾ ਹੈ ਉੱਥੇ ਹੀ ਪਿੰਡ ਦਰਾਜ ਦੀ ਅਨਾਜ ਮੰਡੀ ਨਜ਼ਦੀਕ ਸਥਿਤ ਇਕ ਕਿਸਾਨ ਵਲੋਂ ਠੇਕੇ 'ਤੇ ਲਈ ਜ਼ਮੀਨ 'ਚ ਬੀਜਾਂਦ ਕੀਤੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਨਾਲ ਲਗਭਗ 3 ਕਿੱਲੇ ਕਣਕ ਦੇ ਸੜ ਕੇ ਸਵਾਹ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਜਗਸੀਰ ਸਿੰਘ ਪੁੱਤਰ ਛੋਟਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਤਿੰਨ ਏਕੜ ਦੇ ਕਰੀਬ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਦੀ ਬਿਜਾਂਦ ਕੀਤੀ ਹੋਈ ਸੀ | ਜਦ ਉਹ ਅੱਜ ਕੰਬਾਈਨ ਰਾਹੀਂ ਕਣਕ ਦੀ ਕਟਾਈ ਕਰਵਾ ਰਿਹਾ ਸੀ ਤਾਂ ਅਚਾਨਕ ਹੀ ਬਿਜਲੀ ਦੀ ਤਾਰਾਂ 'ਚ ਸਪਾਰਕਿੰਗ ਹੋ ਗਈ | ਜਿਸ ਕਾਰਨ ਖੜ੍ਹੀ ਫ਼ਸਲ ਨੂੰ ਅੱਗ ਲੱਗ ਗਈ | ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਖੇਤਾਂ 'ਚ ਕੰਮ ਕਰਦੇ ਲੋਕ ਮੌਕੇ 'ਤੇ ਪੁੱਜੇ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਅਨਾਉਂਸਮੈਂਟ ਕਰਵਾਈ ਗਈ | ਉਪਰੰਤ ਸਮੂਹ ਪਿੰਡ ਵਾਸੀ ਅਤੇ ਨਜ਼ਦੀਕ ਅਨਾਜ ਮੰਡੀ 'ਚ ਬੈਠੇ ਲੋਕ ਆਪੋ ਆਪਣੇ ਟਰੈਕਟਰਾਂ, ਪਾਣੀ ਦੀਆਂ ਬਾਲਟੀਆਂ, ਦਰਖਤਾਂ ਦੀਆਂ ਟਾਹਣੀਆਂ ਅਤੇ ਹੋਰ ਸਾਧਨ ਲੈ ਕੇ ਮੌਕੇ 'ਤੇ ਪੁੱਜੇ ਤੇ ਰਾਹਤ ਕਾਰਜਾਂ 'ਚ ਜੁੱਟ ਗਏ | ਕੰਬਾਈਨ ਦੇ ਚਾਲਕ ਨੇ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਫਾਇਰਮੈਨ ਹਰਜਿੰਦਰ ਸਿੰਘ ਅਤੇ ਰਾਜਦੀਪ ਸਿੰਘ, ਡਰਾਈਵਰ ਹਰਪਾਲ ਸਿੰਘ ਦੀ ਅਗਵਾਈ 'ਚ ਪੁੱਜੀ ਫਾਇਰ ਬਿ੍ਗੇਡ ਦੀ ਗੱਡੀ ਵੀ ਪਹੁੰਚ ਗਈ ਸੀ, ਪਰ ਦਰਾਜ ਰੇਲਵੇ ਫਾਟਕ ਬੰਦ ਹੋਣ ਕਾਰਨ ਕੁੱਝ ਲੇਟ ਜ਼ਰੂਰ ਹੋ ਗਈ, ਪਰ ਅੱਗ ਤੇ ਉਸ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ | ਕਿਸਾਨਾਂ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਸੁਖਪ੍ਰੀਤ ਸਿੰਘ, ਸੁਖਪਾਲ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਬੰਤ ਸਿੰਘ, ਗੁਰਜੰਟ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ,ਪਰਮਜੀਤ ਸਿੰਘ ਅਨੁਸਾਰ ਅੱਗ ਕਾਰਨ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਪ੍ਰਭਾਵਿਤ ਕਿਸਾਨ ਨੂੰ ਭਾਰੀ ਆਰਥਿਕ ਝਟਕਾ ਲੱਗਿਆ ਹੈ | ਮੌਕੇ 'ਤੇ ਮੌਜੂਦ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਗਿਰਦਾਵਰੀ ਕਰਵਾ ਕੇ ਬਣਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ |