ਮਹਿਲ ਕਲਾਂ, 18 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਇਲਾਕੇ 'ਚ ਬਿਜਲੀ ਸਪਲਾਈ 'ਚ ਲੱਗ ਰਹੇ ਅਣ-ਐਲਾਨੇ ਕੱਟਾਂ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ, ਜਿਸ ਦੇ ਸਿੱਟੇ ਵਜੋਂ ਬੀਤੀ ਰਾਤ ਸਥਾਨਕ ਨਿਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਭਾਈ ਲਾਲੋ ਪੰਜਾਬੀ ਮੰਚ ਦੀ ਅਗਵਾਈ ਹੇਠ ਬਿਜਲੀ ਗਰਿੱਡ ਮਹਿਲ ਕਲਾਂ ਦਾ ਘਿਰਾਓ ਕਰਦਿਆਂ ਸਰਕਾਰ ਅਤੇ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਰੋਸ ਮੁਜ਼ਾਹਰੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਲਾਲੋ ਮੰਚ ਪੰਜਾਬ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਨੇ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਸੱਤਾਧਾਰੀ ਧਿਰ ਵਲੋਂ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਜਾ ਰਹੇ ਦਾਅਵੇ ਮਹਿਜ਼ ਕਾਗ਼ਜ਼ੀ ਅਤੇ ਖੋਖਲੇ ਸਾਬਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਅਜੇ ਗਰਮੀ ਦਾ ਸੀਜ਼ਨ ਸ਼ੁਰੂ ਹੀ ਹੋਇਆ ਹੈ, ਪਰ ਬਿਜਲੀ ਵਿਭਾਗ ਦੇ ਨਾਕਾਰਾ ਪ੍ਰਬੰਧਾਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਦੇ ਬਿਲਕੁਲ ਉਲਟ ਹੈ | ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਸਪਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿਚ ਤੁਰੰਤ ਸੁਧਾਰ ਨਾ ਕੀਤਾ ਗਿਆ ਅਤੇ ਅਣ-ਐਲਾਨੇ ਕੱਟਾਂ ਦਾ ਸਿਲਸਿਲਾ ਬੰਦ ਨਾ ਹੋਇਆ, ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਲੋਕਾਂ ਦੇ ਵਧਦੇ ਹੋਏ ਰੋਹ ਨੂੰ ਦੇਖਦਿਆਂ ਪਾਵਰਕਾਮ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਐਲਾਨੇ ਸਮੇਂ ਤੋਂ ਪਹਿਲਾਂ ਹੀ ਤੁਰੰਤ ਹਰਕਤ ਵਿਚ ਆਉਂਦਿਆਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋਏ | ਇਸ ਮੌਕੇ ਗੁਰਪ੍ਰੀਤ ਸਿੰਘ ਸਹਿਜੜਾ, ਸੁਖਦੀਪ ਗਿੱਲ ਕਲਾਲ ਮਾਜਰਾ ਆਦਿ ਹਾਜ਼ਰ ਸਨ |