ਤਪਾ ਮੰਡੀ, 20 ਅਪ੍ਰੈਲ (ਪ੍ਰਵੀਨ ਗਰਗ)-ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਪ੍ਰਸ਼ਾਸਕੀ ਪ੍ਰਬੰਧ ਸਥਾਪਿਤ ਕਰ ਦਿੱਤੇ ਗਏ ਹਨ | ਇਸ ਤਹਿਤ ਨਗਰ ਕੌਂਸਲ ਤਪਾ ਵਿਚ ਪ੍ਰਬੰਧਕ ਨਿਯੁਕਤ ਕਰ ਕੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਦਮ ਚੁੱਕੇ ਗਏ ਹਨ | ਅੱਜ ਨਗਰ ਕੌਂਸਲ ਤਪਾ ਦਾ ਕਾਰਜਕਾਲ ਖ਼ਤਮ ਹੋਣ ਉਪਰੰਤ ਐਸ.ਡੀ.ਐਮ. ਆਯੂਸ਼ ਗੋਇਲ (ਆਈ.ਏ.ਐਸ.) ਵਲੋਂ ਪ੍ਰਬੰਧਕ ਦੇ ਤੌਰ 'ਤੇ ਆਪਣਾ ਚਾਰਜ ਸੰਭਾਲਿਆ ਗਿਆ ਅਤੇ ਉਨ੍ਹਾਂ ਨੇ ਤੁਰੰਤ ਹੀ ਨਗਰ ਕੌਂਸਲ ਦੇ ਕੰਮਕਾਜ ਦੀ ਦੇਖ ਭਾਲ ਸ਼ੁਰੂ ਕਰ ਦਿੱਤੀ | ਚਾਰਜ ਸੰਭਾਲਣ ਤੋਂ ਬਾਅਦ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਸਾਰੇ ਬਕਾਇਆ ਵਿਕਾਸ ਕੰਮ ਤਰਜੀਹ ਦੇ ਆਧਾਰ 'ਤੇ ਜਲਦੀ ਪੂਰੇ ਕੀਤੇ ਜਾਣਗੇ | ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਕਾਰੀ ਸੇਵਾਵਾਂ ਵਿਚ ਕਿਸੇ ਕਿਸਮ ਦੀ ਦੇਰੀ ਜਾਂ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸ਼ਹਿਰ ਵਿਚ ਚੱਲ ਰਹੇ ਸਫ਼ਾਈ, ਪਾਣੀ ਸਪਲਾਈ, ਸੜਕਾਂ ਅਤੇ ਹੋਰ ਸੁਵਿਧਾਵਾਂ ਨਾਲ ਜੁੜੇ ਕੰਮਾਂ ਦੀ ਨਿਗਰਾਨੀ ਖ਼ੁਦ ਕੀਤੀ ਜਾਵੇਗੀ | ਇਸ ਦੇ ਨਾਲ ਹੀ ਸਰਕਾਰ ਦੀਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਵੀ ਖ਼ਾਸ ਧਿਆਨ ਦਿੱਤਾ ਜਾਵੇਗਾ | ਉਨ੍ਹਾਂ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਸੁਣਿਆ ਅਤੇ ਹੱਲ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲ ਸਕੇ | ਇਸ ਗੱਲ ਦੀ ਪੁਸ਼ਟੀ ਕਾਰਜ ਸਾਧਕ ਅਫਸਰ ਤਪਾ ਹਰਪ੍ਰੀਤ ਸਿੰਘ ਨੇ ਕੀਤੀ |