ਬਰਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵਲੋਂ ਅੱਜ ਅਨਾਜ ਮੰਡੀ ਬਰਨਾਲਾ ਦਾ ਦੌਰਾ ਕਰ ਕੇ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ 'ਚ ਹੁਣ ਤੱਕ 3872735.53 ਮੀਟਿ੍ਕ ਟਨ ਕਣਕ ਮੰਡੀਆਂ 'ਚ ਪੁੱਜ ਚੁੱਕੀ ਹੈ ਅਤੇ 3416926.10 ਮੀਟਿ੍ਕ ਟਨ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਵਲੋਂ ਕਰ ਲਈ ਗਈ ਹੈ | ਕਿਸਾਨਾਂ ਨੂੰ ਬਣਦੀ ਅਦਾਇਗੀ ਦਾ 1818.31 ਕਰੋੜ ਸਿੱਧਾ ਖਾਤਿਆਂ 'ਚ ਤਬਦੀਲ ਕਰ ਦਿੱਤਾ ਗਿਆ ਹੈ | ਮੰਡੀਆਂ ਵਿਚ ਲਿਫ਼ਟਿੰਗ ਦਾ ਕੰਮ ਵੀ ਨਿਰਵਿਘਨ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ 104 ਅਨਾਜ ਮੰਡੀਆਂ ਅਤੇ 45 ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ ਚੱਲ ਰਹੀ ਹੈ | ਜ਼ਿਲ੍ਹੇ ਵਿਚ 19 ਅਪ੍ਰੈਲ ਸ਼ਾਮ ਤੱਕ 136697 ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ ਹੈ ਜਦਕਿ ਹੁਣ ਤੱਕ 189920 ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ | ਪਨਗ੍ਰੇਨ ਵਲੋਂ 53710 ਮੀਟਿ੍ਕ ਟਨ, ਮਾਰਕਫੈੱਡ ਵਲੋਂ 32005 ਮੀਟਿ੍ਕ ਟਨ, ਪਨਸਪ ਵਲੋਂ 32340 ਮੀਟਿ੍ਕ ਟਨ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 18642 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਅਦਾਇਗੀ ਖ਼ਰੀਦ ਹੋਣ ਦੇ 48 ਘੰਟਿਆਂ 'ਚ ਕੀਤੀ ਜਾ ਰਹੀ ਹੈ | ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਸ ਸੀਜ਼ਨ ਵਿਚ ਕੇਂਦਰੀ ਪੂਲ ਵਿਚ ਸੂਬੇ ਦਾ 122 ਲੱਖ ਮੀਟਿ੍ਕ ਟਨ ਕਣਕ ਖ਼ਰੀਦ ਕਰਨ ਦਾ ਟੀਚਾ ਹੈ | ਉਨ੍ਹਾਂ ਨੇ ਮੰਡੀ ਵਿਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਖ਼ਰੀਦ ਪ੍ਰਕਿਰਿਆ ਅਤੇ ਕਿਸਾਨਾਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਸਬੰਧੀ ਵਿਸਥਾਰਤ ਜਾਇਜ਼ਾ ਲਿਆ | ਉਨ੍ਹਾਂ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ | ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਣਕ ਦੀ ਢੋਆ-ਢੁਆਈ ਦਾ ਜਾਇਜ਼ਾ ਲਿਆ | ਪਿਛਲੇ ਦਿਨੀਂ ਬੇਮੌਸਮੀ ਬਰਸਾਤ ਕਾਰਨ ਫ਼ਸਲ ਨੂੰ ਹੋਏ ਨੁਕਸਾਨ ਬਾਰੇ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਜਿੱਥੇ-ਜਿੱਥੇ ਨੁਕਸਾਨ ਹੋਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦੇ ਦਿੱਤੇ ਸਨ ਅਤੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ | ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ, ਐਸ.ਡੀ.ਐਮ. ਡਾ. ਅਜੀਤਪਾਲ ਸਿੰਘ ਚਹਿਲ, ਡੀ.ਐਫ਼.ਐਸ.ਸੀ. ਰੂਪਪ੍ਰੀਤ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ, ਧੀਰਜ ਕੁਮਾਰ ਦੱਧਾਹੂਰ ਸਮੇਤ ਆੜ੍ਹਤੀ ਆਗੂ ਅਤੇ ਹੋਰ ਮੁਹਤਬਰ ਹਾਜ਼ਰ ਸਨ |
ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 34 ਲੱਖ ਮੀਟਿ੍ਕ ਟਨ ਦੀ ਕੀਤੀ ਗਈ ਖ਼ਰੀਦ <br/>
ਅਜੀਤ ਡੈਸਕ
21-04-2026