ਹੰਡਿਆਇਆ, 20 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਤੇ ਗੁਰਸੇਵਕ ਨਗਰ ਦਾ ਦੌਰਾ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਦੀ ਲੋੜ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰਸੇਵਕ ਨਗਰ ਬਰਨਾਲਾ ਸਕੂਲ ਨੂੰ 2 ਕੰਪਿਊਟਰ ਸੈੱਟ ਅਤੇ ਹੰਡਿਆਇਆ ਸਕੂਲ ਨੂੰ ਪੀਣ ਵਾਲੇ ਪਾਣੀ ਲਈ ਆਰ.ਓ. ਦਿੱਤਾ | ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਵਿਚ ਪੀਣ ਵਾਲੇ ਪਾਣੀ ਲਈ ਆਰ.ਓ ਅਤੇ ਕਈ ਸਕੂਲਾਂ ਵਿਚ ਕੰਪਿਊਟਰ ਅਤੇ ਇੰਟਰਨੈੱਟ ਦੀ ਮੰਗ ਉਨ੍ਹਾਂ ਕੋਲ ਆਈ ਸੀ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 12 ਪ੍ਰਾਇਮਰੀ ਸਕੂਲਾਂ ਨੂੰ ਆਰ.ਓ, 3 ਸਕੂਲਾਂ ਨੂੰ ਕੰਪਿਊਟਰ ਅਤੇ 11 ਸਕੂਲਾਂ ਨੂੰ ਵਾਈ.ਫਾਈ. ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕੋਈ ਦਿੱਕਤ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿਚ ਇਹ ਸਹੂਲਤਾਂ 100 ਫ਼ੀਸਦੀ ਹੋ ਜਾਣਗੀਆਂ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਵਿਚ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ ਤਾਂ ਜੋ ਸਾਡੇ ਬੱਚਿਆਂ ਦੀ ਪੜਾਈ ਵਿਚ ਕੋਈ ਰੁਕਾਵਟ ਨੇ ਆਵੇ ਅਤੇ ਉਨ੍ਹਾਂ ਦਾ ਭਵਿੱਖ ਰੌਸ਼ਨ ਹੋਵੇ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ੍ਰੀਮਤੀ ਸਿਮਕ ਵੀ ਮੌਜੂਦ ਸਨ |