ਭਦੌੜ, 22 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਕਾਰਨ ਸਫ਼ਾਈ ਕਰਮਚਾਰੀ 20 ਅਪ੍ਰੈਲ ਤੋਂ ਹੜਤਾਲ ਤੇ ਚੱਲ ਰਹੇ ਹਨ | ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਅਣਮਿਥੇ ਸਮੇਂ ਲਈ ਹੜਤਾਲ ਕਰਾਂਗੇ | ਸਫ਼ਾਈ ਸੇਵਕਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੂ ਨੇ ਦੱਸਿਆ ਕਿ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਕੱਚੇ ਪੱਕੇ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ ਹੈ | ਇਸੇ ਤਰ੍ਹਾਂ ਕੱਚੇ ਪੱਕੇ ਮੁਲਾਜ਼ਮਾਂ ਦਾ ਪੀ.ਐਫ ਖਾਤੇ ਵਿਚ ਜਮ੍ਹਾ ਨਹੀਂ ਹੋ ਰਿਹਾ ਹੈ | ਜਦ ਕਿ ਪੀ.ਐਫ. ਤਨਖ਼ਾਹ ਵਿਚੋਂ ਕੱਟਿਆ ਗਿਆ ਹੈ | ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ 2004 ਤੋਂ ਪੱਕਿਆਂ ਮੁਲਾਜ਼ਮਾਂ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ | ਪ੍ਰਧਾਨ ਜੱਸੂ ਨੇ ਦੱਸਿਆ ਉਪਰੋਕਤ ਮੰਗਾਂ ਦੇ ਸਬੰਧ ਵਿਚ ਅਸੀਂ ਏ.ਡੀ.ਸੀ. ਬਰਨਾਲਾ ਅਤੇ ਐਸ.ਡੀ.ਐਮ. ਤਪਾ ਨੂੰ ਵੀ ਮਿਲ ਚੱੁਕੇ ਹਾਂ ਪਰ ਫਿਰ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ | ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਇਕ ਤਾਂ ਸਰਕਾਰ ਸਾਡੀਆਂ ਮੰਗਾਂ ਨੀ ਮੰਨਦੀ ਉੱਤੋਂ ਕਾਰਜ ਸਾਧਕ ਅਫ਼ਸਰ ਸਾਨੂੰ ਕਾਰਵਾਈ ਕਰਨ ਦੀਆਂ ਧਮਕੀਆਂ ਦਿੰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਉਪਰੋਕਤ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ | ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਜੱਸੂ, ਮੋਹਰ ਲਾਲ, ਰਮੇਸ਼ ਕੁਮਾਰ, ਸੰਦੀਪ ਕੁਮਾਰ, ਸੰਜੀਵ ਕੁਮਾਰ, ਮਹਾਂਵੀਰ ਕੁਮਾਰ, ਬੀਰੋ ਦੇਵੀ, ਪੁਸ਼ਪਾ ਦੇਵੀ, ਸਵੀਨਾ, ਸਰੋਜ ਰਾਣੀ, ਨਿਰਮਲਾ ਦੇਵੀ, ਨੀਤੂ ਰਾਣੀ, ਕ੍ਰਿਸ਼ਨਾ ਰਾਣੀ ਆਦਿ ਹਾਜ਼ਰ ਸਨ |