ਬਰਨਾਲਾ, 24 ਅਪ੍ਰੈਲ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਅੱਗ ਸੁਰੱਖਿਆ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਅੱਗ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ | ਵਰਕਸ਼ਾਪ ਦੌਰਾਨ ਮਾਹਿਰਾਂ ਵਲੋਂ ਵਿਦਿਆਰਥੀਆਂ ਨੂੰ ਅੱਗ ਲੱਗਣ ਦੇ ਕਾਰਨਾਂ, ਉਸ ਤੋਂ ਬਚਾਅ ਦੇ ਤਰੀਕਿਆਂ ਅਤੇ ਐਮਰਜੈਂਸੀ ਸਮੇਂ ਸਹੀ ਕਦਮ ਚੁੱਕਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਬੱਚਿਆਂ ਨੂੰ ਦੱਸਿਆ ਗਿਆ ਕਿ ਅੱਗ ਲੱਗਣ ਸਮੇਂ ਘਬਰਾਉਣ ਦੀ ਬਜਾਏ ਸੂਝ-ਬੂਝ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਤੁਰੰਤ ਸੁਰੱਖਿਅਤ ਥਾਂ ਵੱਲ ਜਾਣਾ ਚਾਹੀਦਾ ਹੈ | ਇਸ ਮੌਕੇ ਪ੍ਰੈਕਟੀਕਲ ਡੈਮੋ ਵੀ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਐਮ.ਡੀ. ਸ਼ਿਵ ਸਿੰਗਲਾ ਤੇ ਪਿ੍ੰਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਸੁਰੱਖਿਆ ਸਬੰਧੀ ਗਿਆਨ ਬੱਚਿਆਂ ਵਿਚ ਆਤਮਵਿਸ਼ਵਾਸ, ਜ਼ਿੰਮੇਵਾਰੀ ਅਤੇ ਜਾਗਰੂਕਤਾ ਪੈਦਾ ਕਰਦਾ ਹੈ | ਅੱਗ ਸੁਰੱਖਿਆ ਵਰਗੀਆਂ ਵਰਕਸ਼ਾਪਾਂ ਬੱਚਿਆਂ ਵਿਚ ਹਿੰਮਤ, ਜਾਗਰੂਕਤਾ ਅਤੇ ਸਹੀ ਸਮੇਂ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਵਿਕਸਿਤ ਕਰਦੀਆਂ ਹਨ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |