ਹੰਡਿਆਇਆ, 24 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ (ਗਡਵਾਸੂ) ਦੇ ਅਧੀਨ ਚੱਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ਇਕ ਹਫ਼ਤੇ ਦਾ ਖੰੁਬ ਉਤਪਾਦਕ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਤੰਵਰ ਨੇ ਪੰਜਾਬ ਅਤੇ ਉੱਤਰੀ ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਨਾਲ਼ ਸਵੈ-ਰੁਜ਼ਗਾਰ ਕਰ ਕੇ ਹੋਰ ਵੱਧ ਆਮਦਨ ਵਧਾਈ ਜਾ ਸਕਦੀ ਹੈ | ਡਾ: ਹਰਜੋਤ ਸਿੰਘ ਸੋਹੀ ਅਸਿਸਟੈਂਟ ਪ੍ਰੋਫੈਸਰ (ਬਾਗ਼ਬਾਨੀ) ਨੇ ਢੀਂਗਰੀ, ਬਟਨ, ਸਿਟਾਕੇ, ਪਰਾਲੀ, ਕੀੜਾ ਜੜੀ ਅਤੇ ਮਿਲਕੀ ਖੁੰਬ ਦੀ ਕਾਸ਼ਤ ਕਰਨ ਬਾਰੇ ਅਤੇ ਉਨ੍ਹਾਂ ਵਿਚ ਪਾਏ ਜਾਣ ਵਾਲੇ ਪੋਸ਼ਣ ਅਤੇ ਚਿਕਿਤਸਕ ਪਦਾਰਥਾਂ ਜਿਵੇਂ ਕਿ ਸ਼ਟਾਕੇ ਦਾ ਕੈਂਸਰ ਰੋਗੀਆਂ ਲਈ, ਢੀਂਗਰੀ ਦਾ ਵਿਟਾਮਿਨ-ਡੀ ਪੂਰਤੀ, ਕੀੜਾ ਜੜੀ ਦੀਆਂ ਕਈ ਅਨੇਕਾਂ ਦਵਾਈਆਂ ਵਿਚ ਵਰਤਣ ਬਾਰੇ ਦੱਸਿਆ | ਉਨ੍ਹਾਂ ਕਿਸਾਨਾਂ ਨੂੰ ਖੁੰਬ ਦਾ ਮੰਡੀਕਰਨ, ਖੁੰਬ ਦੇ ਰੱਖ-ਰਖਾਵ, ਖੁੰਬ ਉੱਤੇ ਵਾਤਾਵਰਨ ਦੇ ਪ੍ਰਭਾਵ ਅਤੇ ਖੁੰਬ ਦੇ ਕਿੱਤੇ ਨੂੰ ਘਰੇਲੂ ਪੱਧਰ 'ਤੇ ਅਪਣਾਉਣ ਬਾਰੇ ਜਾਣਕਾਰੀ ਦਿੱਤੀ | ਖੁੰਬ ਕਾਸ਼ਤ ਦੇ ਨਾਲ਼-ਨਾਲ ਕਿਸਾਨਾਂ ਨੂੰ ਖੁੰਬ ਆਧਾਰਤ ਫ਼ਿਲਮਾਂ ਵੀ ਵਿਖਾਈਆਂ ਗਈਆਂ | ਇਸ ਮੌਕੇ ਸਿਖਲਾਈ ਪ੍ਰਾਪਤ ਕਰਨ ਵਾਲੇ ਕਿਸਾਨ ਹਾਜ਼ਰ ਸਨ |