ਟੱਲੇਵਾਲ, 24 ਅਪੈ੍ਰਲ (ਸੋਨੀ ਚੀਮਾ)-ਪੰਜਾਬ ਸਰਕਾਰ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਸੂਬੇ ਭਰ ਵਿਚ 3100 ਤੋਂ ਵੱਧ ਆਧੁਨਿਕ ਖੇਡ ਮੈਦਾਨ ਬਣਾਉਣ ਦਾ ਇਤਿਹਾਸਕ ਕਦਮ ਚੁੱਕਿਆ ਹੈ | ਇਹ ਸ਼ਬਦ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹਲਕਾ ਮਹਿਲ ਕਲਾਂ ਨੇ ਪਿੰਡ ਚੀਮਾ ਵਿਖੇ ਬਣਾਏ ਜਾ ਰਹੇ ਖੇਡ ਗਰਾਉਂਡ ਦਾ ਨਿਰੀਖਣ ਕਰਨ ਮੌਕੇ ਆਖੇ | ਉਨ੍ਹਾਂ ਕਿਹਾ ਕਿ ਉਕਤ ਖੇਡ ਗਰਾਉਂਡ ਲਗਭਗ 1100 ਕਰੋੜ ਦੀ ਲਾਗਤ ਨਾਲ ਬਣ ਰਹੇ | ਇਨ੍ਹਾਂ ਮੈਦਾਨਾਂ ਵਿਚ ਲਾਈਟਾਂ, ਵਧੀਆ ਟਰੈਕ ਅਤੇ ਹੋਰ ਖੇਡ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਪਿੰਡਾਂ ਵਿਚੋਂ ਨਵੇਂ ਖਿਡਾਰੀ ਪੈਦਾ ਹੋ ਸਕਣ | ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨਾ, ਸਿਹਤਮੰਦ ਜੀਵਨਸ਼ੈਲੀ ਪ੍ਰਦਾਨ ਕਰਨਾ ਅਤੇ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਸਰਕਾਰ ਦੀ ਵੱਡੀ ਪਹਿਲ ਕਦਮੀ ਹੈ | ਵਿਧਾਇਕ ਪੰਡੋਰੀ ਨੇ ਕਿਹਾ ਕਿ ਉਕਤ ਖੇਡ ਗਰਾਉਂਡਾਂ ਦੇ ਕੰਮ ਦੀ ਗੁਣਵੱਤਾ ਯਕੀਨੀ ਬਣਾਉਣ ਲਈ 3 ਵਿਸ਼ੇਸ਼ ਫਲਾਇੰਗ ਸਕੁਆਇਡ ਤਾਇਨਾਤ ਕੀਤੇ ਗਏ ਹਨ ਅਤੇ ਜਲਦ ਹੀ ਕੰਮ ਨੇਪਰੇ ਚਾੜ੍ਹਨ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ, ਤਾਂ ਜੋ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ | ਵਿਧਾਇਕ ਪੰਡੋਰੀ ਨੇ ਕਿਹਾ ਕਿ ਇਹ ਮੈਦਾਨ ਪੇਂਡੂ ਪ੍ਰਤਿਭਾ ਨੂੰ ਨਿਖਾਰਨ ਅਤੇ ਸੂਬਾ/ਰਾਸ਼ਟਰੀ ਪੱਧਰ ਦੇ ਚੈਂਪੀਅਨ ਤਿਆਰ ਕਰਨ 'ਤੇ ਪਿੰਡਾਂ ਵਿਚ ਰਹਿਣ ਵਾਲੀ ਨੌਜਵਾਨ ਪੀੜ੍ਹੀ ਨੂੰ ਅਨੁਸ਼ਾਸਿਤ, ਸਿਹਤਮੰਦ ਅਤੇ ਆਤਮਨਿਰਭਰ ਬਣਾਉਣ 'ਤੇ ਕੇਂਦਰਿਤ ਹੈ | ਇਸ ਮੌਕੇ ਪਿ੍ੰਸੀਪਲ ਅਨਿਲ ਕੁਮਾਰ, ਸੁਖਜਿੰਦਰ ਸਿੰਘ ਪੰਚ, ਪਰਵਿੰਦਰ ਸਿੰਘ ਭਾਗ ਪੈਲੇਸ ਵਾਲੇ, ਰਾਜਦੀਪ ਸਿੰਘ ਕਲੇਰ, ਪਰਮਿੰਦਰ ਸਿੰਘ ਭੰਗੂ, ਜਸਵੀਰ ਸਿੰਘ ਮਾਹੀ, ਸੁਖਵੰਤ ਸਿੰਘ ਕਾਲਾ ਪ੍ਰਧਾਨ ਸਹਿਕਾਰੀ ਸਭਾ, ਗੁਰਪ੍ਰੀਤ ਸਿੰਘ ਪੰਚ, ਗੁਰਮੇਲ ਸਿੰਘ ਸਿੱਖ ਪੰਚ, ਜਗਦੇਵ ਸਿੰਘ ਕੈਨੇਡੀਅਨ, ਜਤਿੰਦਰ ਸਿੰਘ ਸਾਬਕਾ ਸਰਪੰਚ ਨਾਈਵਾਲਾ, ਸੁਖਵਿੰਦਰ ਸਿੰਘ ਸਰਪੰਚ ਕੈਰੇ, ਲਖਵੀਰ ਸਿੰਘ ਲੱਖੀ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |