ਮਹਿਲ ਕਲਾਂ, 27 ਅਪ੍ਰੈਲ (ਤਰਸੇਮ ਸਿੰਘ ਗਹਿਲ)-ਸਿਹਤ ਵਿਭਾਗ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ: ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਸੀ.ਐੱਚ.ਸੀ. ਮਹਿਲ ਕਲਾਂ ਵਿਖੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਦੀ ਮਿਹਨਤ ਨੂੰ ਸਮਰਪਿਤ 'ਆਸ਼ਾ ਦਿਵਸ' ਮਨਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾ: ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਆਸ਼ਾ ਵਰਕਰਾਂ ਦੇ ਬਹੁਮੁੱਲੇ ਯੋਗਦਾਨ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਰਕਾਰ ਵਲੋਂ ਹਰ ਸਾਲ 27 ਅਪ੍ਰੈਲ ਨੂੰ ਆਸ਼ਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ ਸਭ ਤੋਂ ਵਧੀਆ ਕੰਮ ਕਰਨ ਵਾਲੀ ਇੱਕ ਆਸ਼ਾ ਫੈਸੀਲੀਟੇਟਰ ਅਤੇ ਸਭ ਤੋਂ ਵੱਧ ਇੰਨਸੈਂਟਿਵ ਪ੍ਰਾਪਤ ਕਰਨ ਵਾਲੀਆਂ ਤਿੰਨ ਆਸ਼ਾ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਜਾਣਕਾਰੀ ਦਿੰਦਿਆਂ ਬੀ.ਈ.ਈ. ਸ਼ਿਵਾਨੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਜਣੇਪਾ ਅਤੇ ਬਾਲ ਸਿਹਤ, ਟੀਕਾਕਰਨ, ਜਨਮ ਅਤੇ ਮੌਤ ਰਿਪੋਰਟਿੰਗ, ਬਿਮਾਰੀਆਂ ਪ੍ਰਤੀ ਜਾਗਰੂਕਤਾ ਅਤੇ ਰੋਕਥਾਮ, ਪਰਿਵਾਰ ਨਿਯੋਜਨ, ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਨੂੰ ਆਸਾਨ ਅਤੇ ਯਕੀਨੀ ਬਣਾਉਣ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਤਨਦੇਹੀ ਨਾਲ ਕਰਦੀਆਂ ਹਨ ਅਤੇ ਇਹ ਦਿਵਸ ਮਨਾਉਣ ਨਾਲ ਆਸ਼ਾ ਵਰਕਰਾਂ ਦੇ ਹੌਸਲੇ ਅਤੇ ਕੰਮ ਕਰਨ ਦੇ ਜਜ਼ਬੇ ਵਿਚ ਵਾਧਾ ਹੋਵੇਗਾ | ਉਨ੍ਹਾਂ ਦੱਸਿਆ ਇਸ ਮੌਕੇ ਆਸ਼ਾ ਫੈਸੀਲੀਟੇਟਰ ਪਰਮਜੀਤ ਕੌਰ, ਆਸ਼ਾ ਵਰਕਰਾਂ ਮੀਨਾ ਰਾਣੀ, ਰਾਜਦੀਪ ਕੌਰ ਅਤੇ ਕੁਲਦੀਪ ਕੌਰ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ | ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਜਸਵੀਰ ਸਿੰਘ ਅਤੇ ਬਲਵਿੰਦਰ ਕੌਰ ਹਾਜ਼ਰ ਸਨ |