ਬਰਨਾਲਾ, 27 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਪੰਜਾਬ ਦੇ ਹੀ ਨਹੀਂ, ਸਗੋਂ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹਨ | ਉਨ੍ਹਾਂ ਨਾਲ ਲੱਖਾਂ ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਜੁੜੇ ਹੋਏ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਉਨ੍ਹਾਂ ਦੇ ਉਦਯੋਗਾਂ ਨਾਲ ਚੱਲਦੀ ਹੈ | ਐਸੇ ਇੱਜ਼ਤਦਾਰ ਵਿਅਕਤੀ ਨੂੰ ਗ਼ੱਦਾਰ ਕਹਿਣਾ ਅਤੇ ਉਸ ਦੇ ਘਰ ਬਾਹਰ ਗ਼ੱਦਾਰ ਲਿਖਣਾ ਆਮ ਆਦਮੀ ਪਾਰਟੀ ਦੀ ਨਾ ਸਿਰਫ਼ ਘਟੀਆ ਸੋਚ ਹੈ, ਬਲਕਿ ਪੰਜਾਬ ਦੀ ਸੰਸਕਾਰਾਂ ਨੂੰ ਠੇਸ ਪਹੁੰਚਾਉਣ ਵਾਲੀ ਕਰਤੂਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਰਦਿਆਂ ਕਿ ਅਕਾਲੀ ਦਲ, ਕਾਂਗਰਸ, ਭਾਜਪਾ ਤੋਂ ਕਈ ਆਗੂ ਆਮ ਆਦਮੀ ਪਾਰਟੀ ਵਿਚ ਗਏ ਹਨ ਅਤੇ ਅੱਜ ਉਹੀ ਉੱਥੇ ਵੱਡੇ ਚਿਹਰੇ ਬਣੇ ਬੈਠੇ ਹਨ | ਕਦੇ ਉਨ੍ਹਾਂ ਨੂੰ ਗ਼ੱਦਾਰ ਨਹੀਂ ਕਿਹਾ ਕਿਉਂਕਿ 'ਆਪ' ਨਾਲ ਰਲੇ ਸਨ | ਸ੍ਰੀ ਬਿੱਟੂ ਦੀਵਾਨਾ ਨੇ ਪੁੱਛਿਆ ਕਿ ਜਦੋਂ ਡਾ. ਰਾਜ ਕੁਮਾਰ ਚੱਬੇਵਾਲ 'ਆਪ' ਨਾਲ ਜੁੜੇ ਸਨ, ਕੀ ਕਾਂਗਰਸ ਨੇ ਉਨ੍ਹਾਂ ਦੇ ਘਰ 'ਤੇ 'ਗ਼ੱਦਾਰ' ਲਿਖਿਆ ਸੀ? ਅੱਜ ਤੱਕ ਕਦੇ ਉਨ੍ਹਾਂ ਨੂੰ 'ਗ਼ੱਦਾਰ' ਨਹੀਂ ਕਿਹਾ | ਉਨ੍ਹਾਂ ਕਿਹਾ ਕਿ ਸ੍ਰੀ ਰਾਜਿੰਦਰ ਗੁਪਤਾ ਬਹੁਤ ਅੱਛੇ ਇਨਸਾਨ ਹਨ | ਸਮਾਜ ਸੇਵਾ ਵਿਚ ਵੀ ਉਨ੍ਹਾਂ ਦਾ ਵੱਡਾ ਨਾਮ ਹੈ ਕਿਉਂਕਿ ਉਨ੍ਹਾਂ ਵਲੋਂ ਗ਼ਰੀਬ ਲੋਕਾਂ ਲਈ ਲਗਾਤਾਰ ਇਕ-ਇਕ ਮਹੀਨਾ ਮੈਗਾ ਮੈਡੀਕਲ ਕੈਂਪ ਲਗਾਏ ਗਏ ਹਨ | ਸ੍ਰੀ ਬਿੱਟੂ ਦੀਵਾਨਾ ਨੇ ਕਿਹਾ ਕਿ ਇਹ ਨਵੀਂ ਘਟੀਆ ਪਰੰਪਰਾ ਸ਼ੁਰੂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਹਰ ਪੰਜਾਬੀ ਨੂੰ ਖੁੱਲ੍ਹ ਕੇ ਨਿੰਦਾ ਕਰਨੀ ਚਾਹੀਦੀ ਹੈ ਕਿਉਂਕਿ 'ਆਪ' ਆਗੂਆਂ ਦੀਆਂ ਇਹ ਹਰਕਤਾਂ ਸਿਰਫ਼ ਇੱਕੋ ਗੱਲ ਦੱਸਦੀਆਂ ਹਨ ਕਿ ਕੁੱਝ ਲੋਕ ਵਿਰੋਧ ਨੂੰ ਬਰਦਾਸ਼ਤ ਕਰਨ ਦੀ ਥਾਂ ਡਰਾਉਣ ਅਤੇ ਬਦਨਾਮ ਕਰਨ ਦਾ ਰਸਤਾ ਚੁਣ ਰਹੇ ਹਨ |