ਅਹਿਮਦਗੜ੍ਹ 27 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਖੁਰਦ ਅਹਿਮਦਗੜ੍ਹ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋ ਸਮੂਹ ਇਲਾਕਾ ਨਿਵਾਸੀਆਂ, ਨਗਰ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਗੁਰੂ ਅੰਗਦ ਸਾਹਿਬ ਮੱਲ ਅਖਾੜਾ ਵਿਖੇ ਕਰਵਾਏ ਜਾ ਰਹੇ 21ਵਾਂ ਸਾਲਾਨਾ ਸਰਵ-ਸਾਂਝਾ ਮਹਾਨ ਕੁਸ਼ਤੀ ਦੰਗਲ, ਰੱਸਾ-ਕਸ਼ੀ, ਛਿੰਝ ਮੇਲ ਸਬੰਧੀ ਵਿਸ਼ੇਸ਼ ਬੈਠਕ ਕਰਦਿਆਂ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਗੁਰਮਤਿ ਸੇਵਾ ਸੁਸਾਇਟੀ ਸਕੱਤਰ ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ 3 ਮਈ ਨੂੰ ਬਰਾਂਚ ਕੁਟੀਆ ਨਿਰਮਲ ਆਸ਼ਰਮ, ਜੰਡਾਲੀ ਅਹਿਮਦਗੜ੍ਹ ਨਹਿਰ ਵਾਲੇ ਅਸਥਾਨ ਤੇ ਹੋ ਰਹੇ ਛਿੰਝ ਮੇਲ ਦੌਰਾਨ ਪਹਿਲਾ ਇਨਾਮ 1 ਲੱਖ 1 ਹਜ਼ਾਰ ਲਈ ਮੁਕਾਬਲਾ ਪਹਿਲਵਾਨ ਰੌਸ਼ਨ ਸਿੰਘ ਕਿਰਲਗੜ ਅਤੇ ਛਿੰਦਾ ਸਿੰਘ ਨਾਰੰਗਵਾਲ ਵਿਚਕਾਰ, ਦੂਜਾ ਇਨਾਮ 51 ਹਜ਼ਾਰ ਲਈ ਮੁਕਾਬਲਾ ਸੰਦੀਪ ਸਿੰਘ ਤਲਵੰਡੀ ਸਾਬਹੋ ਅਤੇ ਸੁੱਖ ਸਿੰਘ ਮੰਡ ਚੌਤਾ ਵਿਚਕਾਰ ਅਤੇ ਤੀਜਾ ਇਨਾਮ 31 ਹਜ਼ਾਰ ਲਈ ਮੁਕਾਬਲਾ ਗੱਗੂ ਸਿੰਘ ਆਲਮਗੀਰ ਅਤੇ ਚੰਦਨ ਸਿੰਘ ਖੇੜੀ ਜੱਟਾਂ ਵਿਚਕਾਰ ਹੋਵੇਗਾ | ਉਨ੍ਹਾਂ ਸਪਸ਼ਟ ਕੀਤਾ ਕਿ ਕੇਵਲ ਸੱਦਾ-ਪੱਤਰ ਵਾਲੇ ਖਿਡਾਰੀ ਹੀ ਖੇਡਣਗੇ | ਰੱਸਾ-ਕਸ਼ੀ ਤੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਨੰਬਰ ਤੇ ਆਉਣ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 71, 51, 41, 31 ਸੌ ਦੇ ਇਨਾਮ ਦਿੱਤੇ ਜਾਣਗੇ | ਛਿੰਝ ਮੇਲ ਦੌਰਾਨ ਸਟੇਜ ਸੰਚਾਲਨ ਅਵਤਾਰ ਸਿੰਘ ਜੱਸਲ ਵਲੋਂ ਕੀਤਾ ਜਾਵੇਗਾ |