ਮਹਿਲ ਕਲਾਂ, 28 ਅਪ੍ਰੈਲ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੇਰ ਦੇ ਛੇ ਬੱਚਿਆਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਏ ਨੈਸ਼ਨਲ ਬਾਕਸਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਆਪਣੇ ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਡੀ.ਪੀ. ਗੋਵਿੰਦ ਸਿੰਘ ਦੀ ਸਖ਼ਤ ਮਿਹਨਤ ਸਦਕਾ ਕਾਮਯਾਬੀ ਹਾਸਲ ਕਰਨ ਵਾਲੇ ਇਨ੍ਹਾਂ ਜੇਤੂ ਬੱਚਿਆਂ ਵਿਚ ਰਵਨੀਤ ਕੌਰ, ਅਵਰੀਨ ਕੌਰ, ਲੱਖਪ੍ਰੀਤ ਕੌਰ, ਜੈਸਮੀਨ ਕੌਰ, ਗੁਰਸਾਨ ਸਿੰਘ ਅਤੇ ਭਵਨਜੋਤ ਸਿੰਘ ਸ਼ਾਮਿਲ ਹਨ, ਜਿਨ੍ਹਾਂ ਦੀ ਜਿੱਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਨ੍ਹਾਂ ਬੱਚਿਆਂ ਦੇ ਬਰਨਾਲਾ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ (ਜਿਨ੍ਹਾਂ ਦੇ ਪੋਤਾ-ਪੋਤੀ ਵੀ ਜੇਤੂਆਂ ਵਿਚ ਸ਼ਾਮਲ ਹਨ) ਨੇ ਉਚੇਚੇ ਤੌਰ 'ਤੇ ਹਾਜ਼ਰ ਹੋ ਕੇ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਅਧਿਆਪਕਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ | ਉਨ੍ਹਾਂ ਬੱਚਿਆਂ ਨੂੰ ਅੱਗੇ ਤੋਂ ਹੋਰ ਤਕੜੇ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਦੇ ਬੱਚਿਆਂ ਨੂੰ ਮੋਬਾਈਲ ਜਾਂ ਹੋਰ ਨੁਕਸਾਨਦਾਇਕ ਚੀਜ਼ਾਂ ਛੱਡ ਕੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਧਨੇਰ ਨੇ ਸਾਰਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਗੁਰਪ੍ਰੀਤ ਹੋਲੀ ਹਾਰਟ ਸਕੂਲ ਦੀ ਵਾਈਸ ਪਿ੍ੰਸੀਪਲ ਪ੍ਰਦੀਪ ਕੌਰ ਗਰੇਵਾਲ ਨੇ ਸਕੂਲ ਦੇ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਹੋਰ ਸਖ਼ਤ ਮਿਹਨਤ ਕਰਨ ਦੀ ਉਮੀਦ ਜਤਾਈ | ਜੇਤੂ ਵਿਦਿਆਰਥੀਆਂ ਨੂੰ ਪਿੰਡ ਧਨੇਰ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੋਕਲ ਗੁ: ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਬਿੱਟੂ ਗਰੇਵਾਲ ਮਨੀਲਾ, ਕੁਲਵੀਰ ਸਿੰਘ ਢੀਂਡਸਾ, ਸਾਨਾ ਸਿੰਘ, ਡਾ: ਮੁਕਵਿੰਦਰ ਸਿੰਘ, ਰਵਿੰਦਰ ਸਿੰਘ ਰਵੀ ਆਦਿ ਹਾਜ਼ਰ ਸਨ |