ਬਰਨਾਲਾ, 6 ਮਈ (ਨਰਿੰਦਰ ਅਰੋੜਾ)-ਸਫ਼ਾਈ ਸੇਵਕ ਯੂਨੀਅਨ ਵਲੋਂ ਸੂਬਾ ਪੱਧਰੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਅੱਜ ਬਰਨਾਲਾ ਦੀ ਨਗਰ ਨਿਗਮ ਵਿਖੇ ਉਨ੍ਹਾਂ ਵਲੋਂ ਧਰਨਾ ਲਗਾਉਂਦੇ ਹੋਏ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ, ਵਿਕਰਮਜੀਤ ਵਿੱਕੀ, ਗੁਰਮੀਤ ਸਿੰਘ ਆਦਿ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ, ਪਰ ਸਾਨੂੰ ਭਰੋਸੇ ਤੋਂ ਬਿਨਾਂ ਕੁੱਝ ਵੀ ਨਹੀਂ ਮਿਲਿਆ | ਇਸ ਕਾਰਨ ਅਸੀਂ ਮਜਬੂਰਨ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਹੜਤਾਲ ਸ਼ੁਰੂ ਕੀਤੀ | ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਹਨ | ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ-ਬਰਾਬਰ ਤਨਖ਼ਾਹ ਲਾਗੂ ਹੋਵੇ ਅਤੇ ਪੱਕੇ ਕਰਨ ਸਬੰਧੀ ਬਣਾਈ ਗਈ 10 ਸਾਲਾਂ ਦੀ ਪਾਲਿਸੀ ਨੂੰ ਰੱਦ ਕਰ ਕੇ ਤਿੰਨ ਸਾਲਾਂ ਵਿਚ ਪੱਕਾ ਕੀਤਾ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਚੱਕਾ ਜਾਮ ਵੀ ਕਰਾਂਗੇ | ਧਰਨੇ ਵੀ ਲਗਾਵਾਂਗੇ ਅਤੇ ਜੇ ਲੋੜ ਪਈ ਤਾਂ ਤਿੱਖਾ ਸੰਘਰਸ਼ ਵੀ ਕਰਾਂਗੇ | ਉਨ੍ਹਾਂ ਦੱਸਿਆ ਕਿ ਸਾਨੂੰ ਭਾਰਤੀਆਂ ਵਾਲਮੀਕੀ ਧਰਮ ਸਮਾਜ, ਭਗਵਾਨ ਵਾਲਮੀਕੀ ਸਹਾਰਾ ਕਲੱਬ, ਆਦੀ ਧਰਮ ਸਮਾਜ ਬਰਨਾਲਾ, ਸਮੂਹ ਵਾਲਮੀਕੀ ਮੰਦਰ ਪ੍ਰਬੰਧਕ ਕਮੇਟੀਆਂ ਆਦਿ ਵਲੋਂ ਸਮਰਥਨ ਦਿੱਤਾ ਗਿਆ ਹੈ | ਇਸ ਮੌਕੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ, ਗੋਬਿੰਦ, ਸੱਤਪਾਲ ਰਿੰਕੂ, ਰਮੇਸ਼ ਕੁਮਾਰ, ਰਾਜੇਸ਼ ਕੁਮਾਰ ਮੇਟ, ਮੁਕੇਸ਼ ਕੁਮਾਰ, ਬਿੰਦੂ ਪ੍ਰਧਾਨ ਅਸ਼ੋਕ ਕੁਮਾਰ, ਮੰਗਤ ਰਾਮ, ਸਤਪਾਲ, ਵਿਨੇ ਕੁਮਾਰ, ਸੰਜੇ ਕੁਮਾਰ, ਸ਼ਨੀ ਕੁਮਾਰ, ਜਗਦੀਸ਼ ਸਿੰਘ, ਸੋਨੂ, ਗੁਰਕਿਰਪਾਲ ਸਿੰਘ, ਵਿੱਕੀ, ਸਿੰਘਮ ਆਦਿ ਹਾਜ਼ਰ ਸਨ |