ਤਪਾ ਮੰਡੀ, 6 ਮਈ (ਪ੍ਰਵੀਨ ਗਰਗ)-ਤਪਾ ਪੁਲਿਸ ਨੇ 230 ਨਸ਼ੀਲੀਆਂ ਗੋਲੀਆਂ ਸਣੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੈਡਮ ਨਵਦੀਪ ਕੌਰ ਚਾਹਲ ਨੇ ਦੱਸਿਆ ਕਿ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਵਾਲਮੀਕ ਚੌਕ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖ਼ਬਰ ਖ਼ਾਸ ਨੇ ਗੁਪਤ ਸੂਚਨਾ ਦਿੱਤੀ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗੁਰਦੀਪ ਸਿੰਘ ਵਾਸੀ ਨੱਥਾ ਪੱਤੀ ਢਿਲਵਾਂ ਜੋ ਨਸ਼ਾ ਪੱਤਾ ਕਰਨ ਦਾ ਆਦੀ ਹੈ ਤੇ ਬਾਹਰੋਂ ਸਸਤੇ ਰੇਟ ਪਰ ਨਸ਼ੀਲੀਆਂ ਗੋਲੀਆਂ ਲਿਆ ਕੇ ਅੱਗੇ ਗੁਰਜੀਵਨ ਸਿੰਘ ਉਰਫ ਜੀਵਾ ਪੁੱਤਰ ਬੰਤ ਸਿੰਘ ਵਾਸੀ ਲਾਲੂ ਪੱਤੀ ਢਿਲਵਾਂ ਅਤੇ ਸੁਰਜੀਤ ਸਿੰਘ ਉਰਫ ਗੁਲਾਬ ਪੁੱਤਰ ਕਾਕਾ ਸਿੰਘ ਵਾਸੀ ਬਾਜ਼ੀਗਰ ਬਸਤੀ ਤਪਾ ਨੂੰ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਹ ਦੋਨੋਂ ਦੋਸ਼ੀ ਵੀ ਗੋਲੀਆਂ ਦੀ ਖਰੀਦ ਕਰ ਕੇ ਅੱਗੇ ਆਸ-ਪਾਸ ਵੇਚਣ ਦਾ ਧੰਦਾ ਕਰਦੇ ਹਨ | ਅਗਰ ਉਕਤ ਜਗ੍ਹਾ 'ਤੇ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ | ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਰੇਡ ਕਰ ਕੇ ਤਿੰਨੋਂ ਦੋਸ਼ੀਆਂ ਨੂੰ 230 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ | ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ, ਹੌਲਦਾਰ ਗੁਰਜੀਤ ਸਿੰਘ, ਗੁਰਮੇਲ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ |