ਰੂੜੇਕੇ ਕਲਾਂ, 6 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਰਕਾਰ ਵਲੋਂ ਬੇਅਦਬੀ ਸਬੰਧੀ ਕਾਨੂੰਨ ਵਿਚ ਕੀਤੀ ਗਈ ਸੋਧ ਨੇ ਸਿੱਖ ਸੰਗਤਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਜਿਸ ਕਰ ਕੇ ਵੱਡੀ ਗਿਣਤੀ ਸਿੱਖ ਸੰਗਤਾਂ ਆਪਣੇ ਘਰਾਂ ਵਿਚੋਂ ਗੁਰਬਾਣੀ ਦੀਆਂ ਪੋਥੀਆਂ, ਗੁਟਕਾ ਸਾਹਿਬ ਗੁਰਦੁਆਰਾ ਸਾਹਿਬ ਜਮ੍ਹਾ ਕਰਵਾ ਰਹੀਆਂ ਹਨ | ਗੁਰੂ ਘਰਾਂ ਵਿਚ ਸੇਵਾਵਾਂ ਕਰਨ ਵਾਲੇ ਕੌਮ ਦਾ ਸਰਮਾਇਆ ਗ੍ਰੰਥੀ ਸਿੰਘ ਗੁਰੂ ਘਰਾਂ ਦੀਆਂ ਡਿਊਟੀਆਂ ਛੱਡ ਰਹੇ ਹਨ ਕਿੳਾੁਕਿ ਕਾਨੂੰਨ ਵਿਚ ਬੇਅਦਬੀ ਕਰਨ ਵਾਲੇ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਗ੍ਰੰਥੀ ਸਿੰਘ ਅਤੇ ਪ੍ਰਬੰਧਕਾਂ ਨੂੰ ਬਰਾਬਰ ਦਾ ਦੋਸ਼ੀ ਮੰਨਣ ਦੀ ਸੋਧ ਹੈ | ਇਸ ਕਾਨੂੰਨ ਦੀ ਆੜ ਵਿਚ ਬੇਦੋਸ਼ ਸਿੰਘਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰ ਕੇ ਸਿੱਖ ਸੰਗਤਾਂ ਨੂੰ ਜ਼ਲੀਲ ਕੀਤਾ ਜਾਵੇਗਾ | ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਸਬੰਧੀ ਵੀ ਕਾਨੂੰਨ ਵਿਚ ਲਿਖਿਆ ਹੈ | ਇਸ ਕਰ ਕੇ ਸਿੱਖ ਪੰਥ ਵਲੋਂ ਪੰਜਾਬ ਸਰਕਾਰ ਵਲੋਂ ਬੇਅਦਬੀ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ ਪ੍ਰਵਾਨ ਨਹੀਂ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਵੱਖ-ਵੱਖ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਉਪਰੰਤ ਗੁਰਦੁਆਰਾ ਸੋਹੀਆਣਾ ਸਾਹਿਬ ਧੌਲਾ ਦੇ ਪ੍ਰਧਾਨ ਭਾਈ ਮੱਖਣ ਸਿੰਘ ਧੌਲਾ ਦੇ ਗ੍ਰਹਿ ਵਿਖੇ ਕਰਦਿਆਂ ਸੰਤ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਇਹ ਸਿੱਖ ਸੰਗਤਾਂ ਦੀ ਮੰਗ ਹੈ | ਪ੍ਰੰਤੂ ਕਾਨੂੰਨ ਦੀ ਆੜ ਵਿਚ ਸਿੱਖ ਸੰਗਤਾਂ ਨੂੰ ਜ਼ਲੀਲ ਕਰਨ ਵਾਲਾ ਕਾਨੂੰਨ ਪ੍ਰਵਾਨ ਨਹੀਂ ਹੈ | ਇਸ ਮੌਕੇ ਯੂਥ ਆਗੂ ਰਣਜੀਤ ਸਿੰਘ ਕੁਲਾਰ ਧੌਲਾ, ਭਾਈ ਮੱਖਣ ਸਿੰਘ ਧੌਲਾ, ਗ੍ਰੰਥੀ ਮਿੱਠੂ ਸਿੰਘ, ਭਗਤ ਧੌਲਾ, ਜਥੇਦਾਰ ਗੁਰਮੀਤ ਸਿੰਘ ਧੌਲਾ, ਮਾਸਟਰ ਬਲਦੇਵ ਸਿੰਘ ਧੌਲਾ, ਕਰਮਜੀਤ ਸਿੰਘ ਗਗਨ, ਸਾਬਕਾ ਸਰਪੰਚ ਤਰਸੇਮ ਸਿੰਘ ਧੌਲਾ, ਕੌਰ ਸਿੰਘ ਮਹਿਤਾ, ਮੈਨੇਜਰ ਗੁਲਜ਼ਾਰ ਸਿੰਘ, ਮੁੱਖ ਗ੍ਰੰਥੀ ਗੁਰਪ੍ਰੀਤ ਸਿੰਘ ਗੁ: ਸੋਹੀਆਣਾ, ਸੁਖਦਰਸ਼ਨ ਸਿੰਘ ਸੁੱਖੀ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |