ਸੰਗਰੂਰ, 12 ਮਈ (ਦਮਨਜੀਤ ਸਿੰਘ, ਧੀਰਜ ਪਸ਼ੌਰੀਆ) - ਸਿਟੀ ਪਾਰਕ ਅਤੇ ਬਨਾਸਰ ਬਾਗ ਸੰਗਰੂਰ ਦੇ ਰੱਖ ਰਖਾਵ ਅਤੇ ਸੁੰਦਰਤਾ ਵਾਸਤੇ ਮਨਜ਼ੂਰ ਹੋਈ ਕਰੀਬ ਚਾਰ ਕਰੋੜ ਦੀ ਰਾਸ਼ੀ ਖ਼ਰਚ ਕਰਨ ਸਬੰਧੀ ਇਕ ਜਨਤਕ ਪ੍ਰਤੀਨਿਧ ਮੰਡਲ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ | ਪ੍ਰਤੀਨਿਧ ਮੰਡਲ ਨੇ ਡੀ.ਸੀ. ਸੰਗਰੂਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ 'ਚ ਮੰਗ ਕੀਤੀ ਹੈ ਕਿ ਲਗਭਗ ਇੱਕ ਸਾਲ ਪਹਿਲਾਂ ਮਨਜ਼ੂਰ ਹੋਏ ਇਸ ਪੈਸੇ ਨੂੰ ਖ਼ਰਚ ਕਰਨ ਦਾ ਤੁਰੰਤ ਹੁਕਮ ਦਿੱਤਾ ਜਾਵੇ | ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਜੋਗਾ ਪ੍ਰਧਾਨ ਪੰਜਾਬੀ ਸੈਨਾ ਅਤੇ ਐਕਸ਼ਨ ਕਮੇਟੀ, ਹਰਜੀਤ ਸਿੰਘ ਹਸਨਪੁਰੀ ਪ੍ਰਧਾਨ ਭਾਰਤੀ ਸਮਾਜਵਾਦੀ ਪਾਰਟੀ ਅਤੇ ਬਸ਼ੇਸ਼ਰ ਰਾਮ ਆਗੂ ਸ਼ਹਿਰ ਸੰਗਰੂਰ ਵਿਕਾਸ ਮੰਚ ਨੇ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਸਿਟੀ ਪਾਰਕ ਅਤੇ ਬਨਾਸਰ ਬਾਗ ਦੀ ਸੁੰਦਰਤਾ ਅਤੇ ਵਿਕਾਸ ਦੇ ਲਈ ਲਗਭਗ ਚਾਰ ਕਰੋੜ ਰੁਪਏ ਮਨਜ਼ੂਰ ਹੋਇਆ ਸੀ | ਇਸ ਨੂੰ ਖ਼ਰਚ ਕਰਨ ਸੰਬੰਧੀ ਪ੍ਰਸ਼ਾਸਨਿਕ ਰਸਮਾ ਵੀ ਪੂਰੀਆਂ ਹੋ ਚੁੱਕੀਆਂ ਹਨ | ਆਗੂਆਂ ਨੇ ਦੋਸ਼ ਲਾਇਆ ਕਿ ਕੁਝ ਲੀਡਰਾਂ ਅਤੇ ਅਫ਼ਸਰਾਂ ਦੀ ਆਪਸੀ ਖਿੱਚੋਤਾਣ ਤੇ ਵਿਰੋਧ ਕਰ ਕੇ ਸੰਬੰਧਿਤ ਕੰਮ ਸ਼ੁਰੂ ਨਹੀਂ ਕੀਤੇ ਜਾ ਰਹੇ | ਆਗੂਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸੰਬੰਧੀ ਪਿਛਲੇ ਦਿਨੀਂ ਆਗੂ ਸ਼ਹਿਰੀਆਂ ਦੀ ਇਕ ਮੀਟਿੰਗ ਸਿਟੀ ਪਾਰਕ ਸੰਗਰੂਰ 'ਚ ਹੋਈ, ਜਿਸ 'ਚ ਦੋ ਦਰਜਨਾਂ ਤੋਂ ਵੱਧ ਆਗੂ ਸ਼ਾਮਿਲ ਹੋਏ | ਮੀਟਿੰਗ 'ਚ ਇਸ ਸੰਬੰਧੀ ਅਧਿਕਾਰੀਆਂ ਨੂੰ ਮਿਲਣ ਅਤੇ ਜਾਣਕਾਰੀ ਲੈਣ ਲਈ ਕੀਤੇ ਗਏ ਯਤਨਾਂ ਦੀ ਰਿਪੋਰਟ ਕੀਤੀ ਗਈ | ਮੀਟਿੰਗ ਨੇ ਜਨਤਕ ਦਖ਼ਲ ਦੀ ਲੋੜ ਮਹਿਸੂਸ ਕਰਦਿਆਂ ਇੱਕ ਐਕਸ਼ਨ ਕਮੇਟੀ ਦਾ ਗਠਨ ਕੀਤਾ | ਮੀਟਿੰਗ ਵਲੋਂ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲੇ ਅਨੁਸਾਰ ਡੀ.ਸੀ ਸੰਗਰੂਰ ਨੂੰ ਅੱਜ ਇੱਕ ਪ੍ਰਤੀਨਿਧ ਮੰਡਲ ਮਿਲਿਆ, ਜਿਸ 'ਚ ਬਲਵੰਤ ਸਿੰਘ ਜੋਗਾ, ਹਰਜੀਤ ਸਿੰਘ ਹਸਨਪੁਰੀ ,ਬਸ਼ੇਸ਼ਰ ਰਾਮ ਆਗੂ , ਸ਼ਾਮ ਲਾਲ ਸਿੰਗਲਾ ਆਰ.ਟੀ.ਆਈ. ਐਕਟੀਵਿਸਟ, ਸੇਵਾ ਮੁਕਤ ਪਿ੍ੰਸੀਪਲ ਹਰਵਿੰਦਰ ਸਿੰਘ, ਸੁਰਜੀਤ ਸਿੰਘ ਜੇ.ਈ, ਜੰਗ ਸਿੰਘ, ਅਵਿਨਾਸ਼ ਕੁਮਾਰ, ਤੇਜਾ ਸਿੰਘ ਲੈਕਚਰਾਰ, ਮੰਗਤ ਰਾਮ ਅਤੇ ਪਿ੍ਤਪਾਲ ਬਾਲੀਆਂ ਆਦਿ ਸ਼ਾਮਿਲ ਸਨ | ਡੀ.ਸੀ ਸੰਗਰੂਰ ਨੇ ਭਰੋਸਾ ਦਿੱਤਾ ਕਿ ਮਾਮਲੇ ਸਬੰਧੀ ਜਾਣਕਾਰੀ ਹਾਸਿਲ ਕਰ ਕੇ ਉਹ ਛੇਤੀ ਤੋਂ ਛੇਤੀ ਕੰਮ ਸ਼ੁਰੂ ਕਰਾਉਣਗੇ |