ਹੰਡਿਆਇਆ, 14 ਮਈ (ਗੁਰਜੀਤ ਸਿੰਘ ਖੱੁਡੀ)-ਪਿੰਡ ਖੱੁਡੀ ਖ਼ੁਰਦ ਨੂੰ ਜਾਂਦੀ 18 ਫੱੁਟੀ ਸੜਕ ਪਿਛਲੇ 5 ਮਹੀਨਿਆਂ ਤੋਂ ਪੱਥਰ ਪਾਉਣ ਉਪਰੰਤ ਪ੍ਰੀਮਿਕਸ ਨਾ ਪਾਉਣ ਕਾਰਨ ਪਿੰਡ ਵਾਸੀਆਂ ਵਿਚ ਰੋਸ ਹੈ | ਇਸ ਸਬੰਧੀ ਪਿੰਡ ਵਾਸੀਆਂ ਗੁਰਜੀਤ ਸਿੰਘ ਗਿੰਨੀ, ਰਜਿੰਦਰਪਾਲ ਸ਼ਰਮਾ, ਭੋਲਾ ਸਿੰਘ ਗੁਰੂ, ਗੁਰਵਿੰਦਰਪਾਲ ਸਿੰਘ ਖੱੁਡੀ, ਖੁਸ਼ਵਿੰਦਰਪਾਲ ਕਾਕਾ, ਦੀਵਾਨ ਸਿੰਘ, ਨਾਜਰ ਸਿੰਘ ਨੇ ਦੱਸਿਆ ਕਿ ਪਿੰਡ ਖੱੁਡੀ ਖ਼ੁਰਦ ਨੂੰ ਜਾਂਦੀ 18 ਫੱੁਟੀ ਸੜਕ ਉੱਪਰ ਪਿਛਲੇ 5 ਮਹੀਨੇ ਪਹਿਲਾਂ ਪੱਥਰ ਪਾ ਕੇ ਮਿੱਟੀ ਪਾ ਦਿੱਤੀ ਸੀ | ਉਸ ਪੱਥਰ ਉੱਪਰ ਦੀ ਰੋਜ਼ਾਨਾ ਵਹੀਕਲ ਲੰਘਣ ਕਰ ਕੇ ਪੱਥਰ ਪੱੁਟਿਆ ਗਿਆ ਹੈ | ਜਿੱਥੋਂ ਦੀ ਲੰਘਣਾ ਰਾਹਗੀਰਾਂ ਨੂੰ ਮੁਸ਼ਕਲ ਹੁੰਦਾ ਹੇ | ਵਹੀਕਲ ਸਵਾਰਾਂ ਦੇ ਟਾਇਰ ਖ਼ਰਾਬ ਹੁੰਦੇ ਹਨ ਤੇ ਕਈ ਵਹੀਕਲ ਸਵਾਰ ਡਿੱਗਣ ਕਰ ਕੇ ਜ਼ਖ਼ਮੀ ਹੋਏ ਹਨ | ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਿਆ ਕਿ ਅਮਰੀਕਾ-ਈਰਾਨ ਦੀ ਜੰਗ ਤੋਂ ਬਾਅਦ ਲੱੁਕ ਦੇ ਰੇਟ ਦੱੁਗਣੇ ਹੋ ਗਏ ਹਨ | ਜਿਸ ਕਰ ਕੇ ਠੇਕੇਦਾਰ ਪ੍ਰੀਮਿਕਸ ਪਾਉਣ ਤੋਂ ਕੰਨੀ ਕਤਰਾ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਇਹ ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਅੱਗੇ ਦੋਸਤਾਨਾ ਨੂੰ ਜੋੜਦਾ ਹੈ | ਜਿੱਥੇ ਰੋਜ਼ਾਨਾ ਹੀ ਸੰਗਤਾਂ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਸਮੇਤ ਲੰਘਦੀਆਂ ਹਨ | ਜਿਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਪਾਸੋਂ ਮੰਗ ਕੀਤੀ ਕਿ ਇਸ ਸੜਕ ਉੱਪਰ ਜਲਦੀ ਤੋਂ ਜਲਦੀ ਪ੍ਰੀਮਿਕਸ ਪਾ ਕੇ ਲੋਕਾਂ ਦੀਆਂ ਸਮੱਸਿਆ ਦਾ ਹੱਲ ਕੀਤਾ ਜਾਵੇ | ਜਦੋਂ ਇਸ ਸਬੰਧੀ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ੍ਰੀ ਹਰਸ਼ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਪ੍ਰੀਮਿਕਸ ਪਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ |