ਸ਼ਹਿਣਾ, 21 ਮਈ (ਸੁਰੇਸ਼ ਗੋਗੀ)-ਸ਼ਹਿਣਾ ਦੇ ਮੁੱਖ ਬਾਜ਼ਾਰ ਨੂੰ ਜਾਂਦੀ ਸੜਕ 'ਤੇ ਦੁਖੀ ਦੁਕਾਨਦਾਰਾਂ ਦਾ ਇਕ ਵਫ਼ਦ ਥਾਣਾ ਮੁਖੀ ਰੈਨੂੰ ਪਰੋਚਾ ਨੂੰ ਮਿਲਿਆ | ਉਨ੍ਹਾਂ ਥਾਣਾ ਮੁਖੀ ਨੂੰ ਦੱਸਿਆ ਕਿ ਦਿਨ ਸਮੇਂ ਇੱਟਾਂ ਦੇ ਭੱਠੇ ਦੀ ਮਿੱਟੀ ਢੋਣ ਵਾਲੀਆਂ ਟਰਾਲੀਆਂ ਵਿਚੋਂ ਮਿੱਟੀ ਸੜਕ ਟੱੁਟੀ ਹੋਣ ਕਾਰਨ ਡਿੱਗੀ ਹੈ ਅਤੇ ਟਰੈਕਟਰ ਜਾਂ ਹੋਰ ਵਹੀਕਲ ਲੰਘਣ ਸਮੇਂ ਮਿੱਟੀ ਉੱਡ ਕੇ ਦੁਕਾਨਾਂ ਵਿਚ ਚਲੀ ਜਾਂਦੀ ਹੈ | ਵਫ਼ਦ ਨੇ ਇਹ ਵੀ ਕਿਹਾ ਕਿ ਮਿੱਟੀ ਢੋਣ ਵਾਲੇ ਟਰੈਕਟਰ ਚਾਲਕ ੳੱੱਚੀ ਆਵਾਜ਼ ਵਿਚ ਸਪੀਕਰ 'ਤੇ ਗਾਣੇ ਲਾ ਕੇ ਲੰਘਦੇ ਹਨ | ਜਿਸ ਕਾਰਨ ਸ਼ੋਰ ਪ੍ਰਦੂਸ਼ਣ ਵੀ ਫੈਲ ਰਿਹਾ ਹੈ | ਦੁਕਾਨਦਾਰਾਂ ਨੇ ਕਿਹਾ ਕਿ ਦਿਨ ਸਮੇਂ ਟਰੈਕਟਰ ਲੰਘਣ ਕਾਰਨ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ | ਜਿਸ 'ਤੇ ਥਾਣਾ ਮੁਖੀ ਨੇ ਭੱਠਾ ਮਾਲਕਾਂ ਨੂੰ ਬੁਲਾ ਕੇ ਵਫ਼ਦ ਦੇ ਸਾਹਮਣੇ ਗੱਲਬਾਤ ਕੀਤੀ ਅਤੇ ਕਿਹਾ ਕਿ ਕੋਈ ਵੀ ਟਰੈਕਟਰ ਚਾਲਕ ਦਿਨ ਸਮੇਂ ਨਹੀਂ ਲੰਘੇਗਾ ਤੇ ਮਿੱਟੀ ਰਾਤ ਸਮੇਂ ਢੋਅ ਢੁਆਈ ਹੋਵੇਗੀ | ਮਿੱਟੀ ਲਿਜਾਣ ਸਮੇਂ ਟਰੈਕਟਰ 'ਤੇ ਗੀਤ ਨਹੀਂ ਚਲਾਏ ਜਾਣਗੇ | ਭੱਠਾ ਮਾਲਕਾਂ ਵਲੋਂ ਸੜਕ 'ਤੇ ਪਾਣੀ ਦਾ ਛਿੜਕਾਅ ਵੀ ਕੀਤਾ ਜਾਵੇਗਾ | ਜਿਸ 'ਤੇ ਦੁਕਾਨਦਾਰਾਂ ਨੇ ਸਹਿਮਤੀ ਪ੍ਰਗਟ ਕੀਤੀ | ਇਸ ਸਮੇਂ ਗੁਰਮੀਤ ਸਿੰਘ ਲੀਲਾ, ਗੁਰਪ੍ਰੀਤ ਸਿੰਘ ਪੀਤਾ, ਕਾਕਾ ਸਿੰਘ, ਮਲਕੀਤ ਸਿੰਘ, ਮਿੱਠੂ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ ਮਾਨ, ਨਰਿੰਦਰ ਸਿੰਗਲਾ ਆਦਿ ਵੀ ਹਾਜ਼ਰ ਸਨ |