ਬਰਨਾਲਾ, 24 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਐਲਾਨੀਆਂ ਨਗਰ ਨਿਗਮ ਕੌਂਸਲ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਦੇ ਮੰਤਵ ਨਾਲ ਸ੍ਰੀ ਵਿਵੇਕਸ਼ੀਲ ਸੋਨੀ ਆਈ.ਪੀ.ਐਸ. ਨੂੰ ਜ਼ਿਲ੍ਹਾ ਬਰਨਾਲਾ ਦਾ ਪੁਲਿਸ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਜਿਨ੍ਹਾਂ ਵਲੋਂ ਜ਼ਿਲ੍ਹਾ ਬਰਨਾਲਾ ਦਾ ਵਿਸ਼ੇਸ਼ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ, ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਚੋਣਾਂ ਸਬੰਧੀ ਪੁਲਿਸ ਪ੍ਰਬੰਧਾਂ ਦਾ ਵਿਸਥਾਰ ਪੂਰਵਕ ਜਾਇਜ਼ਾ ਲਿਆ ਗਿਆ | ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਵਲੋਂ ਪੁਲਿਸ ਅਬਜ਼ਰਵਰ ਨੂੰ ਜ਼ਿਲ੍ਹੇ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਇਲਾਕਿਆਂ, ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ, ਨਾਕਾਬੰਦੀ ਪ੍ਰਬੰਧਾਂ, ਫਲੈਗ ਮਾਰਚ, ਰਾਤਰੀ ਪੈਟਰੋਲਿੰਗ, ਇੰਟਰ ਸਟੇਟ ਅਤੇ ਇੰਟਰ ਡਿਸਟਿ੍ਕਟ ਚੈਕਿੰਗ, ਸ਼ਰਾਰਤੀ ਅਨਸਰਾਂ ਦੀ ਨਿਗਰਾਨੀ, ਗੈਂਗਸਟਰ ਅਤੇ ਅਪਰਾਧਿਕ ਤੱਤਾਂ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਅਤੇ ਚੋਣਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਤਿਆਰ ਕੀਤੀ ਗਈ ਸਮੁੱਚੀ ਕਾਰਜ ਯੋਜਨਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਉਨ੍ਹਾਂ ਵਲੋਂ ਇੰਟੈਲੀਜੈਂਸ ਨੈੱਟਵਰਕ ਨੂੰ ਹੋਰ ਸਰਗਰਮ ਕਰਨ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਨਿਗਰਾਨੀ ਵਧਾਉਣ, ਅਫ਼ਵਾਹਾਂ ਅਤੇ ਭੜਕਾਊ ਪੋਸਟਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਲੋਕਾਂ ਵਿਚ ਸੁਰੱਖਿਆ ਅਤੇ ਵਿਸ਼ਵਾਸ ਦਾ ਮਾਹੌਲ ਬਣਾਈ ਰੱਖਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਉਨ੍ਹਾਂ ਆਮ ਜਨਤਾ ਨੂੰ ਦੱਸਿਆ ਕਿ ਪੁਲਿਸ ਆਬਜ਼ਰਵਰ ਸ੍ਰੀ ਵਿਵੇਕਸ਼ੀਲ ਸੋਨੀਦਾ ਮੋਬਾਈਲ ਨੰਬਰ 91155-52864 ਹੈ ਅਤੇ ਉਨ੍ਹਾਂ ਦੇ ਦਫ਼ਤਰ ਕਮਰਾ ਨੰਬਰ 101, ਗਰਾਊਾਡ ਫਿਲੌਰ, ਡੀ.ਪੀ.ਓ ਬਰਨਾਲਾ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਵਿਖੇ ਸਥਾਪਿਤ ਕੀਤਾ ਗਿਆ ਹੈ |