ਟੱਲੇਵਾਲ, 28 ਮਈ (ਸੋਨੀ ਚੀਮਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਬਰਨਾਲਾ ਵਲੋਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਪਿੰਡ ਦੀਵਾਨਾ ਅਤੇ ਛੀਨੀਵਾਲ ਖ਼ੁਰਦ ਨਾਲ ਸਬੰਧਿਤ ਦੀ ਸਹਿਕਾਰੀ ਸਭਾ ਵਿਖੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ, ਸਕੱਤਰ ਸਤਵਿੰਦਰ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਦੇ ਪ੍ਰਬੰਧਾਂ ਹੇਠ ਨੂੰ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਮੌਕੇ ਡਾ: ਅਮਨਦੀਪ ਕੌਰ ਜ਼ਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਮਿੱਟੀ ਪਰਖ ਕਰਾਉਣ ਲਈ ਨਮੂਨਾ ਲੈਣ ਦੇ ਢੰਗ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਰਸਾਇਣਿਕ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਸਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਖਾਦਾਂ ਦੀ ਲੋੜ ਅਨੁਸਾਰ ਅਤੇ ਮਿੱਟੀ ਦੀ ਜਾਂਚ ਦੇ ਆਧਾਰ 'ਤੇ ਵਰਤੋਂ ਕਰਨ ਨਾਲ ਖ਼ਰਚੇ ਘਟਦੇ ਹਨ ਅਤੇ ਮਿੱਟੀ ਦੀ ਸਿਹਤ ਵੀ ਬਿਹਤਰ ਰਹਿੰਦੀ ਹੈ | ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ.ਆਰ 133, ਪੀ.ਆਰ 132, ਪੀ.ਆਰ 131, ਪੀ.ਆਰ 128, ਪੀ.ਆਰ 126 ਅਤੇ ਬਾਸਮਤੀ 1509) ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਘੱਟ ਸਮੇਂ ਵਿਚ ਤਿਆਰ ਹੋਣ ਵਾਲੀਆਂ ਕਿਸਮਾਂ ਪਾਣੀ ਦੀ ਬੱਚਤ ਦੇ ਨਾਲ-ਨਾਲ ਅਗਲੀ ਫ਼ਸਲ ਦੀ ਸਮੇਂ ਸਿਰ ਬਿਜਾਈ ਵਿਚ ਵੀ ਮਦਦਗਾਰ ਸਾਬਤ ਹੁੰਦੀਆਂ ਹਨ | ਕੈਂਪ ਦੌਰਾਨ ਝੋਨੇ ਦੀ ਨਵੀਂ ਕਿਸਮ ਪੀ.ਆਰ 133 ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ | ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿਚ ਬੀਜ ਦੀ ਸੋਧ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਝੋਨੇ ਦੀ ਸਿਹਤਮੰਦ ਪੌਦ ਤਿਆਰ ਕਰਨ ਲਈ ਜ਼ਰੂਰੀ ਨੁਕਤੇ ਸਾਂਝੇ ਕੀਤੇ | ਝੋਨੇ ਦੇ ਮਧਰੇਪਣ ਦੇ ਰੋਗ ਦੀ ਪਹਿਚਾਣ ਅਤੇ ਵਾਧੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ | ਇਸ ਮੌਕੇ 'ਤੇ ਕਿਸਾਨਾਂ ਨੂੰ ਝੋਨੇ ਦਾ ਬੀਜ ਵੀ ਮੁਹੱਈਆ ਕਰਵਾਇਆ ਗਿਆ |