ਮਹਿਲ ਕਲਾਂ, 28 ਮਈ (ਅਵਤਾਰ ਸਿੰਘ ਅਣਖੀ)-ਪਿੰਡ ਮਾਂਗੇਵਾਲ ਵਿਖੇ ਬੀਤੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਭੈਣ ਸਲਮਾ ਬੇਗ਼ਮ ਦੀ ਮਦਦ ਲਈ ਸਮਾਜ ਸੇਵੀ ਭਾਨ ਸਿੰਘ ਜੱਸੀ ਵਲੋਂ ਮਨੁੱਖਤਾ ਦਾ ਫ਼ਰਜ਼ ਨਿਭਾਉਂਦਿਆਂ 5 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ | ਜਾਣਕਾਰੀ ਅਨੁਸਾਰ ਸਲਮਾ ਬੇਗ਼ਮ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਪੀੜਤ ਹੈ ਅਤੇ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਇਲਾਜ ਕਰਵਾਉਣ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੌਰਾਨ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਗੰਭੀਰ ਬਿਮਾਰੀਆਂ ਦਾ ਮਹਿੰਗਾ ਇਲਾਜ ਕਰਵਾਉਣਾ ਵੱਸ ਦੀ ਗੱਲ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਨੂੰ ਅਜਿਹੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਦੀ ਸੇਵਾ ਦਾ ਫ਼ਰਜ਼ ਨਿਭਾਇਆ ਜਾ ਸਕੇ | ਇਸ ਮੌਕੇ ਗੁਰਮੇਲ ਸਿੰਘ ਮਾਂਗੇਵਾਲ, ਪੰਚ ਦਲਜੀਤ ਸਿੰਘ, ਪੰਚ ਜਗਸੀਰ ਸਿੰਘ, ਪੰਚ ਡਾਕਟਰ ਕੇਵਲ ਸਿੰਘ, ਸੋਨੀ ਮਾਂਗੇਵਾਲ, ਜਗਸੀਰ ਸਿੰਘ ਸੀਰਾ, ਵਰਿੰਦਰ ਸਿੰਘ ਵਿੱਕੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ |