ਮਹਿਲ ਕਲਾਂ, 29 ਮਈ (ਤਰਸੇਮ ਸਿੰਘ ਗਹਿਲ)-ਮੌਸਮ ਦੇ ਬਦਲਦੇ ਮਿਜ਼ਾਜ ਕਰ ਕੇ ਵੱਧ ਰਹੀ ਗਰਮੀ ਨੇ ਮੰੂਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਚਿੰਤਾ ਛੇੜ ਦਿੱਤੀ ਹੈ, ਪਹਿਲਾਂ ਸਾਉਣੀ ਦੀ ਮੁੱਖ ਫ਼ਸਲ ਝੋਨਾ ਫਿਰ ਹਾੜੀ ਦੀ ਮੁੱਖ ਫ਼ਸਲ ਕਣਕ ਦੇ ਨਿਗੂਣੇ ਝਾੜ ਨੇ ਕਿਸਾਨਾਂ ਦਾ ਜਿਊਣਾ ਹਰਾਮ ਕਰ ਦਿੱਤਾ ਸੀ ਅਤੇ ਹੁਣ ਸਾਉਣੀ ਦੇ ਪੂਰਬੀ ਸਮੇਂ ਦੀ ਫ਼ਸਲ ਮੂੰਗੀ ਦੀ ਕਾਸ਼ਤ 'ਤੇ ਵਧ ਰਹੀ ਗਰਮੀ ਦੇ ਪੈ ਰਹੇ ਮਾੜੇ ਪ੍ਰਭਾਵ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਕੁਦਰਤ ਦੇ ਇਸ ਕਹਿਰ ਅੱਗੇ ਕਿਸਾਨ ਬੇਵੱਸ ਦਿਖਾਈ ਦੇ ਰਿਹਾ ਹੈ | ਕਿਤੇ ਸੋਕਾ ਅਤੇ ਕਿਤੇ ਹਰਿਆਲੀ ਭਾਵ ਇਹ ਇਕ ਸਿੱਕੇ ਦੇ ਦੋ ਪਹਿਲੂ ਜ਼ਰੂਰ ਹਨ, ਬੀਤੇ ਕੁੱਝ ਦਿਨ ਪਹਿਲਾਂ ਹੋਈ ਗੜੇਮਾਰੀ ਨੇ ਜਿੱਥੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਨੁਕਸਾਨ ਕੀਤਾ ਅਤੇ ਹੁਣ ਵੱਧ ਰਹੀ ਗਰਮੀ ਤੇ ਤੇਜ਼ ਹਵਾਵਾਂ ਨੇ ਮੂੰਗੀ ਦੇ ਫਲ ਤੇ ਫ਼ੁੱਲ 'ਤੇ ਮਾੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਸੰਭਾਵੀ ਮੂੰਗੀ ਦਾ ਝਾੜ ਘਟੇਗਾ | ਬੀਤੇ ਕਈ ਸਾਲਾਂ ਤੋਂ ਮਾਲਵਾ ਖ਼ਿੱਤੇ ਦੇ ਬਹੁਤੇ ਕਿਸਾਨ ਪਸ਼ੂਆਂ ਦੇ ਚਾਰੇ ਲਈ ਅਚਾਰ ਵਾਲੀ ਮੱਕੀ ਦੀ ਬਿਜਾਈ ਨੂੰ ਹਾੜੀ ਅਤੇ ਸਾਉਣੀ ਦੀਆਂ ਮੁੱਖ ਦੋ ਫ਼ਸਲਾਂ ਦੇ ਦਰਮਿਆਨ ਕਰਨ ਲੱਗੇ ਸਨ, ਹੁਣ ਤਪਦੀ ਲੋਅ ਨੇ ਮੱਕੀ ਦੀ ਅਚਾਰ ਵਾਲੀ ਫ਼ਸਲ ਨੂੰ ਬਹੁਤੇ ਥਾਂਈਾ ਪ੍ਰਭਾਵਿਤ ਕਰ ਦਿੱਤਾ ਹੈ | ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਵਿਚ ਅੰਦਾਜ਼ਨ 500 ਏਕੜ ਦੇ ਕਰੀਬ ਮੂੰਗੀ ਦੀ ਬਿਜਾਈ ਕਿਸਾਨਾਂ ਵਲੋਂ ਕੀਤੀ ਗਈ ਹੈ, ਵੱਧ ਰਹੀ ਗਰਮੀ ਨਾਲ ਮੂੰਗੀ ਦੇ ਫ਼ੁੱਲ ਫਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜਿਸ ਦਾ ਝਾੜ 'ਤੇ ਬੁਰਾ ਅਸਰ ਦਿਖਾਈ ਦੇਵੇਗਾ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਜਰਨਲ ਸਕੱਤਰ ਤੇ ਮਹਿਲ ਕਲਾਂ ਦੇ ਅਗਾਂਹ ਵਧੂ ਕਿਸਾਨ ਦਰਸ਼ਨ ਸਿੰਘ ਗੰਗੋਹਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਧ ਰਹੀ ਗਰਮੀ ਕਰ ਕੇ ਹਵਾ ਵਿਚਲੇ ਵਾਇਰਸ ਨਾਲ ਮੂੰਗੀ ਦੀ ਫ਼ਸਲ 'ਤੇ ਤੇਲੇ ਨੇ ਹਮਲਾ ਕਰ ਦਿੱਤਾ ਹੈ, ਤੇਲੇ ਦੇ ਪ੍ਰਭਾਵ ਨੂੰ ਖ਼ਤਮ ਕਰਨ ਵਿਚ ਮਿਆਰੀ ਕੰਪਨੀਆਂ ਦੀਆਂ ਦਵਾਈਆਂ ਵੀ ਬੇਅਸਰ ਦਿਖਾਈ ਦੇ ਰਹੀਆਂ ਹਨ | ਕਿਸਾਨ ਆਗੂ ਗੰਗੋਹਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਤਿੰਨ ਫ਼ਸਲਾਂ ਦੇ ਮਾੜੇ ਨਿਕਾਲ ਨੇ ਕਿਸਾਨ ਦਾ ਲੱਕ ਤੋੜ ਦਿੱਤਾ ਹੈ, ਮਹਿੰਗਾਈ ਦੀ ਵਧਦੀ ਮਾਰ ਕਰ ਕੇ ਪੰਜਾਬ ਦਾ ਕਿਸਾਨ ਬੇਵੱਸ ਹੋ ਖ਼ੁਦਕੁਸ਼ੀਆਂ ਵੱਲ ਤੁਰ ਰਿਹਾ ਤੇ ਪੰਜਾਬ ਸਰਕਾਰ ਨੂੰ ਸੁਆਮੀ ਨਾਥਨ ਰਿਪੋਰਟ ਅਨੁਸਾਰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਹਰ ਫ਼ਸਲ 'ਤੇ ਬੋਨਸ ਦੇਣਾ ਚਾਹੀਦਾ ਹੈ |