ਸ਼ਹਿਣਾ, 29 ਮਈ (ਸੁਰੇਸ਼ ਗੋਗੀ)-ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਆਫ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਉਗੋਕੇ ਨੇ ਕਿਹਾ ਕਿ ਈ.ਪੋਸ ਮਸ਼ੀਨ ਰਾਹੀ ਪਰਚੀਆਂ ਜਾਰੀ ਕਰਨ ਦਾ ਫ਼ਰਮਾਨ ਡੀਪੂ ਹੋਲਡਰਾਂ ਲਈ ਮੁਸੀਬਤ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਖ਼ੁਰਾਕ ਤੇ ਸਪਲਾਈ ਵਿਭਾਗ ਵਲੋਂ ਫ਼ਰਮਾਨ ਅਨੁਸਾਰ ਪਹਿਲੇ ਖਪਤਕਾਰਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਵੰਡਣ ਲਈ ਈ.ਪੋਸ ਮਸ਼ੀਨ ਰਾਹੀ ਸਿਰਫ਼ ਇਕ ਪਰਚੀ ਹੀ ਜਾਰੀ ਹੁੰਦੀ ਸੀ | ਜਿਸ ਨਾਲ ਕੰਮ ਬੇਹੱਦ ਆਸਾਨ ਤੇ ਸੁਚਾਰੂ ਸੀ, ਪਰ ਹੁਣ ਵਿਭਾਗ ਨੇ ਹਰ ਮਹੀਨੇ ਦੀ ਵੱਖਰੀ ਪਰਚੀ ਅਤੇ ਰਾਸ਼ਨ ਕਿੱਟ ਲਈ ਇਕ ਹੋਰ ਪਰਚੀ ਕੱਟਣ ਦਾ ਫ਼ਰਮਾਨ ਜਾਰੀ ਕੀਤਾ ਹੈ | ਜਿਸ ਨੇ ਡੀਪੂ ਹੋਲਡਰਾਂ ਦਾ ਕੰਮ ਚਾਰ ਗੁਣਾ ਵਧਾ ਦਿੱਤਾ ਹੈ | ਪਰਚੀਆਂ ਕੱਟਣ ਲਈ ਇਕ ਵਿਅਕਤੀ 'ਤੇ 8 ਤੋਂ 10 ਮਿੰਟ ਦਾ ਸਮਾਂ ਖ਼ਰਾਬ ਹੋ ਰਿਹਾ ਹੈ | ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿਚ ਇੰਟਰਨੈੱਟ ਤੇ ਨੈੱਟਵਰਕ ਦੀ ਰੇਂਜ ਘੱਟ ਹੋਣ ਕਾਰਨ ਇਹ ਮਸ਼ੀਨਾਂ ਵੀ ਹੌਲੀ ਚੱਲਦੀਆਂ ਹਨ | ਉਨ੍ਹਾਂ ਕਿਹਾ ਕਿ ਤਕਨੀਕੀ ਖ਼ਰਾਬੀ ਤੇ ਨਵੇਂ ਸਿਸਟਮ ਕਾਰਨ ਡੀਪੂਆਂ ਤੇ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ | ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਰਾਸ਼ਨ ਲਈ ਭਾਰੀ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਰਾਸ਼ਨ ਵੰਡ ਪ੍ਰਣਾਲੀ ਸੌਖੇ ਢੰਗ ਤਰੀਕੇ ਨਾਲ ਸ਼ੁਰੂ ਕਰਨ ਲਈ ਫ਼ਰਮਾਨ ਜਾਰੀ ਕੀਤੇ ਜਾਣ, ਤਾਂ ਜੋ ਡੀਪੂ ਹੋਲਡਰ ਤੇ ਖਪਤਕਾਰ ਖੱਜਲ ਖ਼ੁਆਰ ਨਾ ਹੋਣ |