ਬਰਨਾਲਾ, 30 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਸ਼ਹਿਰ ਦੀ ਸਿਆਸਤ ਅਤੇ ਵਿਕਾਸ ਵਿਚ ਪਿਛਲੇ ਲੰਬੇ ਅਰਸੇ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਢਿੱਲੋਂ ਪਰਿਵਾਰ ਨੇ ਇਕ ਵਾਰ ਫਿਰ ਸ਼ਹਿਰੀ ਰਾਜਨੀਤੀ ਵਿਚ ਆਪਣੀ ਮਜ਼ਬੂਤ ਪਕੜ ਦਾ ਮੁਜ਼ਾਹਰਾ ਕੀਤਾ ਹੈ ਅਤੇ ਨਗਰ ਨਿਗਮ ਚੋਣਾਂ ਵਿਚ ਵਾਰਡ ਵਾਸੀਆਂ ਨੇ ਪਰਮਜੀਤ ਸਿੰਘ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਇਕ ਵਾਰ ਫਿਰ ਕੌਂਸਲਰ ਚੁਣਿਆ ਹੈ | ਇਸ ਵੱਡੀ ਜਿੱਤ ਨੇ ਨਾ ਸਿਰਫ਼ ਢਿੱਲੋਂ ਪਰਿਵਾਰ ਦੇ ਲੋਕ-ਆਧਾਰ ਨੂੰ ਮੁੜ ਸਾਬਤ ਕੀਤਾ ਹੈ, ਬਲਕਿ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿਚ ਪਰਮਜੀਤ ਸਿੰਘ ਢਿੱਲੋਂ ਨੂੰ ਨਗਰ ਨਿਗਮ ਬਰਨਾਲਾ ਦੇ ਮੇਅਰ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਅਤੇ ਪ੍ਰਮੁੱਖ ਦਾਅਵੇਦਾਰ ਵਜੋਂ ਖੜ੍ਹਾ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਢਿੱਲੋਂ ਦਾ ਬਰਨਾਲਾ ਸ਼ਹਿਰ ਨਾਲ ਰਿਸ਼ਤਾ ਸਿਰਫ਼ ਸਿਆਸੀ ਨਹੀਂ, ਬਲਕਿ ਭਾਵਨਾਤਮਕ ਅਤੇ ਸੇਵਾ ਭਾਵਨਾ ਵਾਲਾ ਰਿਹਾ ਹੈ | ਇਹ ਸ਼ੁਰੂਆਤ ਪਰਮਜੀਤ ਸਿੰਘ ਢਿੱਲੋਂ ਦੇ ਪਿਤਾ ਨੇ ਕੀਤੀ ਸੀ, ਜੋ ਲੰਮਾ ਸਮਾਂ ਨਾ ਕੇਵਲ ਸ਼ਹਿਰ ਵਾਸੀਆਂ ਦੀ ਸੇਵਾ ਕੀਤੀ ਬਲਕਿ ਬਲਕਿ ਨਗਰ ਕੌਂਸਲ ਬਰਨਾਲਾ ਦੀ ਵੀ ਨੁਮਾਇੰਦਗੀ ਕੀਤੀ | ਜਦੋਂ ਪਰਮਜੀਤ ਸਿੰਘ ਢਿੱਲੋਂ ਖ਼ੁਦ ਨਗਰ ਕੌਂਸਲ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸ਼ਲਾਘਾਯੋਗ ਅਤੇ ਵਧੀਆ ਵਿਕਾਸ ਕਾਰਜ ਕਰਵਾਏ | ਉਨ੍ਹਾਂ ਵਲੋਂ ਬਿਨਾਂ ਕਿਸੇ ਵਿਤਕਰੇਬਾਜ਼ੀ ਤੋਂ ਸ਼ਹਿਰ ਦੇ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਸਾਰੇ ਵਾਰਡਾਂ ਵਿਚ ਕੰਮ ਕਰਵਾਏ ਜਾਂਦੇ ਸਨ | ਨਗਰ ਕੌਂਸਲ ਦੀ ਪਿਛਲੀ ਟਰਮ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਢਿੱਲੋਂ ਬਤੌਰ ਕੌਂਸਲਰ ਚੁਣੇ ਗਏ | ਹੁਣ ਇਕ ਵਾਰ ਫਿਰ ਪਰਮਜੀਤ ਸਿੰਘ ਢਿੱਲੋਂ ਦੀ ਜਿੱਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਲਾਕੇ ਦੇ ਲੋਕ ਉਨ੍ਹਾਂ ਦੇ ਸਾਫ਼-ਸੁਥਰੇ ਅਕਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ | ਇਸੇ ਵੱਡੇ ਰਾਜਨੀਤਿਕ ਤਜਰਬੇ ਅਤੇ ਸਾਫ਼ ਸੁਥਰੇ ਅਕਸ ਕਾਰਨ ਉਨ੍ਹਾਂ ਨੂੰ ਨਗਰ ਨਿਗਮ ਬਰਨਾਲਾ ਦੇ ਮੇਅਰ ਦੇ ਪਦ ਲਈ ਵੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ | ਸ਼ਹਿਰ ਦੇ ਲੋਕਾਂ ਅਤੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਰਮਜੀਤ ਸਿੰਘ ਢਿੱਲੋਂ ਨੂੰ ਮੇਅਰ ਦੀ ਕੁਰਸੀ ਮਿਲਦੀ ਹੈ, ਤਾਂ ਬਰਨਾਲਾ ਸ਼ਹਿਰ ਦੇ ਵਿਕਾਸ ਨੂੰ ਇਕ ਨਵੀਂ ਰਫ਼ਤਾਰ ਅਤੇ ਸਹੀ ਦਿਸ਼ਾ ਮਿਲਣੀ ਤੈਅ ਹੈ | ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ 'ਤੇ ਟਿਕੀਆਂ ਹੋਈਆਂ ਹਨ, ਪਰ ਇਕ ਗੱਲ ਸਾਫ਼ ਹੈ ਕਿ ਢਿੱਲੋਂ ਪਰਿਵਾਰ ਦੀ ਸੇਵਾ ਦਾ ਸਫ਼ਰ ਬਰਨਾਲਾ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਉਂਦਾ ਰਹੇਗਾ |