ਤਪਾ ਮੰਡੀ, 26 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮੁੱਖ ਮੰਤਰੀ ਮਾਨ ਦੀ ਆਮਦ ਤੋਂ ਪਹਿਲਾਂ ਸਰਕਾਰ ਨੂੰ ਸਵਾਲ ਕਰਨ ਵਾਲੇ ਲੋਕਾਂ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਤਾਂ ਕਿ ਉਹ ਮੁੱਖ ਮੰਤਰੀ ਦੇ ਸਮਾਗਮ ਵਿਚ ਜਾ ਕੇ ਆਪਣੀਆਂ ਮੰਗਾਂ ਸਬੰਧੀ ਗੱਲਬਾਤ ਨਾ ਕਰ ਸਕਣ। ਇਸੇ ਕੜੀ ਤਹਿਤ ਹੀ ਜਦੋਂ ਜਦੋਂ ਜ਼ਿਲ੍ਹੇ ਦੇ ਪਿੰਡ ਝਲੂਰ ਵਿਚ ਮੁੱਖ ਮੰਤਰੀ ਮਾਨ ਨੇ ਆਉਣਾ ਸੀ, ਉਨ੍ਹਾਂ ਦੀ ਆਮਦ ਤੋਂ ਇੱਕ ਦਿਨ ਪਹਿਲਾਂ 24 ਜੂਨ ਦੀ ਦੇਰ ਰਾਤ ਨੂੰ ਸਥਾਨਕ ਨੇੜਲੇ ਪਿੰਡ ਢਿਲਵਾਂ ਦੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢਿਲਵਾਂ ਨੂੰ ਤਪਾ ਥਾਣਾ ਦੀ ਪੁਲਿਸ ਵਲੋਂ ਚੁੱਕ ਲਿਆ ਗਿਆ। ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦਾ ਆਖਣਾ ਹੈ ਕੀ ਪੰਜਾਬ ਸਰਕਾਰ ਬੇਰੁਜ਼ਗਾਰਾਂ ਦੇ ਸਵਾਲਾਂ ਤੋਂ ਡਰਦੀ ਹੈ ਤਾਂ ਹੀ ਉਹ ਬੇਰੁਜ਼ਗਾਰਾਂ ਦੀ ਆਵਾਜ਼ ਬੰਦ ਕਰਨ ਲਈ ਉਹਨਾਂ ਨੂੰ ਜੇਲ੍ਹਾਂ/ਥਾਣਿਆਂ ਅੰਦਰ ਤੁੰਨ ਰਹੀ ਹੈ। ਪਰ ਬੇਰੁਜ਼ਗਾਰ ਸਰਕਾਰ ਦੇ ਅਜਿਹੇ ਜ਼ਬਰ ਅੱਗੇ ਨਹੀਂ ਝੁਕਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸ਼ੁਕਰਾਨਾ ਯਾਤਰਾ ਮੌਕੇ ਵੀ ਉਨ੍ਹਾਂ ਨੂੰ ਤਿੰਨ ਦਿਨ ਲਈ ਜੇਲ੍ਹ ਭੇਜਿਆ ਗਿਆ ਸੀ। ਮੁੱਖ ਮੰਤਰੀ ਦੇ ਬਰਨਾਲਾ ਜ਼ਿਲ੍ਹਾ ਤੋਂ ਵਾਪਸੀ ਉਪਰੰਤ ਢਿਲਵਾਂ ਨੂੰ ਪੁਲਿਸ ਥਾਣਾ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਮੌਕੇ ਸਥਾਨਕ ਥਾਣਾ ਸਾਹਮਣੇ ਵੱਡੀ ਗਿਣਤੀ ਵਿਚ ਜੁੜੀਆਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਬਲਾਕ ਪ੍ਰਧਾਨ ਸਤਪਾਲ ਬਾਂਸਲ, ਸੰਯੁਕਤ ਕਿਸਾਨ ਮੋਰਚੇ ਕਿਸਾਨ ਮੋਰਚੇ ਦੇ ਆਗੂ ਗੋਰਾ ਸਿੰਘ ਢਿਲਵਾਂ, ਸੁਖਦੀਪ ਤਪਾ, ਸੁਰਿੰਦਰ ਤਪਾ, ਅਮਨਦੀਪ ਸਿੰਘ ਤਪਾ, ਗੁਰਮੁਖ ਸਿੰਘ, ਲਖਵਿੰਦਰ ਸਿੰਘ, ਤਰਸੇਮ ਸਿੰਘ ਅਤੇ ਗੁਰਮੀਤ ਸਿੰਘ ਸਾਰੇ ਢਿਲਵਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ -ਵੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ।