ਸੁਨਾਮ ਊਧਮ ਸਿੰਘ ਵਾਲਾ, 28 ਜੂਨ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਖੇਤੀਬਾੜੀ ਟਿਊਬਵੈਲਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਤੋਂ ਭੜਕੇ ਨੇੜਲੇ ਪਿੰਡ ਲਖਮੀਰਵਾਲਾ ਦੇ ਕਿਸਾਨਾਂ ਵਲੋਂ ਸਾਬਕਾ ਸਰਪੰਚ ਸਤਵਿੰਦਰ ਸਿੰਘ ਦੀ ਅਗਵਾਈ ’ਚ ਸਥਾਨਕ 66 ਕੇ ਵੀ ਗਰਿੱਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇ ਪੰਜਾਬ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਖਿਲਾਫ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਸਾਬਕਾ ਸਰਪੰਚ ਸਤਵਿੰਦਰ ਸਿੰਘ, ਸਤਨਾਮ ਸਿੰਘ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਨਿਰਵਿਘਨ ਸਪਲਾਈ ਦੇਣ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ ਕਿਉਂਕਿ ਖੇਤੀ ਮੋਟਰਾਂ ਨੂੰ ਇਸ ਵੇਲੇ ਪੰਜ ਛੇ ਘੰਟੇ ਹੀ ਬਿਜਲੀ ਮਿਲ ਰਹੀ ਹੈ ਅਤੇ ਕਈ ਵਾਰ ਤਾਂ ਸਾਢੇ ਤਿੰਨ ਘੰਟੇ ਚੱਲ ਕੇ ਹੀ ਬਿਜਲੀ ਗੁੱਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦੀ ਲਵਾਈ ਦਾ ਕੰਮ ਜੋਰਾਂ ’ਤੇ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਇਸ ਸਮੇ ਕਿਸਾਨਾਂ ਨੇ ਪਾਵਰਕਾਮ ਦੇ ਐਸ. ਐਸ. ਏ. ਮੁਲਾਜ਼ਮਾਂ ਨੂੰ ਮਿਲ ਕੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਤਾਂ ਜੋ ਝੋਨੇ ਦੀ ਲਵਾਈ ਸਮੇ ਸਿਰ ਹੋ ਸਕੇ। ਇਸ ਮੌਕੇ ਜਗਦੇਵ ਸਿੰਘ ਫੌਜੀ, ਮੁਕੰਦ ਸਿੰਘ, ਕਰਮਜੀਤ ਸਿੰਘ, ਸੁਰਜੀਤ ਸਿੰਘ, ਸੰਦੀਪ ਸਿੰਘ, ਸੇਵਕ ਸਿੰਘ, ਹੈਰੀ ਭੁੱਲਰ, ਹਰਪ੍ਰੀਤ ਸਿੰਘ, ਪ੍ਰਿੰਸ ਭੁੱਲਰ, ਸੁਖਬੀਰ ਸਿੰਘ, ਭਿੰਦਾ ਸਿੰਘ ਅਤੇ ਕਾਲਾ ਸਿੰਘ ਆਦਿ ਮੌਜੂਦ ਸਨ।