ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਿੰਡ ਵਿਚ ਛੱਪੜਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਛੱਪੜਾਂ ਦਾ ਘੇਰਾ ਸੁੰਗੜਿਆ

Ad Position 21
No active advertisement
ਅਜੀਤ ਡੈਸਕ 05-07-2026

ਟੱਲੇਵਾਲ, 4 ਜੁਲਾਈ (ਸੋਨੀ ਚੀਮਾ)-ਹਲਕਾ ਮਹਿਲ ਕਲਾਂ ਦੇ ਬਹੁਤੇ ਪਿੰਡਾਂ ਵਿਚ ਛੱਪੜਾਂ ਦੀ ਜ਼ਮੀਨ ’ਤੇ ਪ੍ਰਭਾਵਸ਼ਾਲੀ ਲੋਕਾਂ ਵਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਕਾਰਨ ਛੱਪੜਾਂ ਦਾ ਘੇਰਾ ਸੁੰਗੜਦਾ ਜਾ ਰਿਹਾ ਹੈ, ਜਿਸ ਕਾਰਨ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਹਲਕਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਚੀਮਾ ਵਿਖੇ 10 ਦੇ ਕਰੀਬ ਛੱਪੜ ਹਨ, ਪਰ ਬਹੁਤੇ ਛੱਪੜਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਨੇ ਛੱਪੜਾਂ ਦਾ ਵਿਸਾਲ ਘੇਰਾ ਬਹੁਤ ਘਟਾ ਦਿੱਤਾ ਹੈ। ਜਿਸ ਕਾਰਨ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿੰਡ ਦਾ 228 ਨੰਬਰ ਛੱਪੜ ਜੋ ਕਿ 114 ਕਨਾਲ 2 ਮਰਲੇ, 229 ਨੰਬਰ ਛੱਪੜ 56 ਕਨਾਲ 2 ਮਰਲੇ, 230 ਨੰਬਰ ਛੱਪੜ 66 ਕਨਾਲ 7 ਮਰਲੇ, 231 ਨੰਬਰ 13 ਕਨਾਲ 19 ਮਰਲੇ, 232 ਨੰਬਰ ਛੱਪੜ 11 ਕਨਾਲ 8 ਮਰਲੇ, 233 ਨੰਬਰ ਛੱਪੜ 4 ਕਨਾਲਾ 7 ਮਰਲੇ, 234 ਨੰਬਰ 13 ਕਨਾਲ 7 ਮਰਲੇ, 278 ਨੰਬਰ ਛੱਪੜ 9 ਕਨਾਲਾ ਤੋਂ ਇਲਾਵਾ ਪਿੰਡ ਦੇ ਦੋ ਹੋਰ ਛੱਪੜ ਹਨ, ਜੋ ਹੁਣ ਵੱਡੇ ਪੱਧਰ ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਕਾਫ਼ੀ ਸੁੰਗੜ ਗਏ ਹਨ ਅਤੇ 40-45 ਏਕੜ ਵਿਚ ਬਣੇ ਛੱਪੜ ਹੁਣ ਸਿਰਫ਼ 12-15 ਏਕੜ ਹੀ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਛੱਪੜਾਂ ਦੀ ਜ਼ਮੀਨ ’ਤੇ ਲੋਕਾਂ ਨੇ ਕਬਜ਼ੇ ਕਰ ਕੇ ਛੱਪੜਾਂ ਨੂੰ ਪੂਰ ਲਿਆ ਹੈ। ਇਸ ਕਾਰਨ ਪਿੰਡ ਦਾ ਗੰਦਾ ਪਾਣੀ ਅੱਗੇ ਨਹੀਂ ਲੰਘਦਾ ਅਤੇ ਓਵਰਫ਼ਲੋ ਹੋ ਕੇ ਲੋਕਾਂ ਦੇ ਘਰਾਂ ਅਤੇ ਗਲੀਆਂ ਵਿਚ ਵੜ ਜਾਂਦਾ ਹੈ। ਗੰਦਾ ਪਾਣੀ ਖੜ੍ਹਾ ਹੋਣ ਕਾਰਨ ਪਿੰਡ ਵਿਚ ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਦੀ ਮੁਸ਼ਤਰਕਾ ਮਾਲਕਣ ਜ਼ਮੀਨ ਜੋ ਪੰਚਾਇਤ ਅਧੀਨ ਹੁੰਦੀ ਹੈ, ਉਸ ’ਤੇ ਵੀ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ, ਪਰ ਪੰਚਾਇਤ ਜਾਂ ਪ੍ਰਸ਼ਾਸਨ ਇਸ ਨੂੰ ਛੁਡਾਉਣ ਲਈ ਕੋਈ ਉਜਰ ਕਰਦਾ ਨਜਰ ਨਹੀਂ ਆ ਰਿਹਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕਬਜ਼ਿਆਂ ਬਾਰੇ ਕਈ ਵਾਰ ਪੰਚਾਇਤ ਅਤੇ ਸਬੰਧਿਤ ਬੀ.ਡੀ.ਪੀ.ਓ. ਦਫ਼ਤਰ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਜਦੋਂ ਤੱਕ ਪ੍ਰਸ਼ਾਸਨ ਸਖ਼ਤੀ ਨਾਲ ਕਬਜ਼ੇ ਨਹੀਂ ਹਟਾਉਂਦਾ ਅਤੇ ਛੱਪੜਾਂ ਦੀ ਡੂੰਘੀ ਖ਼ੁਦਾਈ ਨਹੀਂ ਕਰਵਾਉਂਦਾ, ਉਦੋਂ ਤੱਕ ਇਸ ਸਮੱਸਿਆ ਦਾ ਹੱਲ ਅਸੰਭਵ ਹੈ। ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿੰਡਾਂ ਦੇ ਛੱਪੜਾਂ ਨੂੰ ਬਚਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹੋਏ ਹਨ ਅਤੇ ਛੱਪੜਾਂ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਅਧਿਕਾਰੀ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਉਣ ਵਿਚ ਨਾਕਾਮ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਛੱਪੜ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ, ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ ਅਤੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਮਾਮਲੇ ਸਬੰਧੀ ਪੰਚਾਇਤ ਸੈਕਟਰੀ ਨੇ ਦੱਸਿਆ ਕਿ ਦੱਸਿਆ ਕਿ ਛੱਪੜਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਸਬੰਧੀ ਲਿਖਤੀ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹੋਈਆ ਹਨ, ਜਿਨ੍ਹਾਂ ਦਾ ਹੱਲ ਹੋਣਾ ਬਾਕੀ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਫਰਵਾਹੀ ਦੇ ਵੇਅਰ ਹਾਊਸ ਗੋਦਾਮਾਂ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਜ਼ਿਆਦਾ ਬਦਤਰ ਅਗਲੀ ਖ਼ਬਰ ਸਿੱਖਿਆ ਮੰਤਰੀ ਵਲੋਂ ਵਾਈ.ਐੱਸ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ
Ad Position 24
No active advertisement