ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਰਾਏਸਰ ਪੰਜਾਬ ਵਿਖੇ ਪੰਜ ਮਜ਼ਦੂਰ ਔਰਤਾਂ ਵਲੋਂ ਪੈਟਰੋਲ ਅਤੇ ਸਪਰੇਅ ਦੀਆਂ ਬੋਤਲਾਂ ਨਾਲ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਚੜ ਕੇ ਸਰਕਾਰ ਅਤੇ ਪਿੰਡ ਦੇ ਸਰਪੰਚ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕਈ ਦਹਾਕੇ ਪਹਿਲਾਂ ਪੰਚਾਇਤ ਵਲੋਂ ਦਿੱਤੀ ਗਈ ਗੋਹਾ-ਕੂੜਾ ਸੁੱਟਣ, ਰੂੜੀ ਵਾਲੀ ਥਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਜ਼ਦੂਰ ਪਰਿਵਾਰ ਭਾਰੀ ਪ੍ਰੇਸ਼ਾਨੀ, ਨਿਰਾਸ਼ਾ ਦੇ ਆਲਮ ’ਚੋਂ ਲੰਘ ਰਹੇ ਹਨ। ਇਸ ਮੌਕੇ ਰਾਜਵਿੰਦਰ ਕੌਰ, ਸਰਬਜੀਤ ਕੌਰ, ਸੁਖਦੀਪ ਕੌਰ, ਜਸਵੀਰ ਕੌਰ, ਪ੍ਰਧਾਨ ਜਸਵਿੰਦਰ ਕੌਰ ਅਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਪਿੰਡ ਦੀਆਂ ਪਹਿਲੀਆਂ ਪੰਚਾਇਤਾਂ ਵਲੋਂ ਮਜ਼ਦੂਰ ਪਰਿਵਾਰਾਂ ਨੂੰ ਰੂੜੀ ਲਈ ਥਾਂ ਦਿੱਤੀ ਗਈ ਸੀ। ਹੁਣ ਮੌਜੂਦਾ ਸਰਪੰਚ ਸੁਰਿੰਦਰ ਕੌਰ ਵਲੋਂ ਉਸ ਜਗ੍ਹਾ ’ਤੇ ਖੇਡ ਗਰਾਊਂਡ ਬਣਾਇਆ ਜਾ ਰਿਹਾ ਹੈ, ਜਦ ਕਿ ਮਜ਼ਦੂਰਾਂ ਨੂੰ ਕੂੜਾ ਸੁੱਟਣ ਲਈ ਕੋਈ ਬਦਲਵੀਂ ਥਾਂ ਮੁਹੱਈਆ ਨਹੀਂ ਕਰਵਾਈ ਗਈ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦੇ ਰਸਤੇ ਤੁਰਨਾ ਪਿਆ। ਪ੍ਰਦਰਸ਼ਨਕਾਰੀ ਮਜ਼ਦੂਰ ਪਰਿਵਾਰਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਵੀ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਖੇਡ ਗਰਾਊਂਡ ਤਾਂ ਇਸੇ ਥਾਂ ’ਤੇ ਹੀ ਬਣੇਗਾ। ਇਸ ਮੌਕੇ ਦਵਿੰਦਰ ਸਿੰਘ, ਹਰਬੰਸ ਸਿੰਘ, ਕੇਰ ਸਿੰਘ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਖੁਸ਼ਪ੍ਰੀਤ ਸਿੰਘ, ਨਿਰਭੈ ਸਿੰਘ, ਲਖਵੀਰ ਕੌਰ, ਜਸਵੰਤ ਕੌਰ, ਹਰਜਿੰਦਰ ਕੌਰ, ਰਣਦੀਪ ਕੌਰ, ਪਰਵਿੰਦਰ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਗਿਆਨ ਕੌਰ, ਬਲਜਿੰਦਰ ਕੌਰ, ਅਮਨਦੀਪ ਕੌਰ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ। ਦੂਜੇ ਪਾਸੇ ਪਿੰਡ ਦੇ ਸਰਪੰਚ ਸੁਰਿੰਦਰ ਕੌਰ ਨੇ ਪ੍ਰਦਰਸ਼ਨਕਾਰੀਆਂ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਬੰਧਿਤ ਪਰਿਵਾਰਾਂ ਨੂੰ ਪਹਿਲਾਂ ਹੀ ਇਕ ਏਕੜ ਦੇ ਕਰੀਬ ਜਗ੍ਹਾ ਦਿੱਤੀ ਜਾ ਚੁੱਕੀ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਖ਼ੁਦ ਮੰਨਿਆ ਸੀ ਕਿ ਉਹ ਇਸ ਥਾਂ ’ਤੇ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦੇ ਹਨ। ਸਰਪੰਚ ਸੁਰਿੰਦਰ ਕੌਰ ਨੇ ਕਿਹਾ ਕਿ ਜਿਸ ਜਗ੍ਹਾ ਨੂੰ ਲੈ ਕੇ ਵਿਵਾਦ ਹੈ, ਉੱਥੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਪਿੰਡ ਦੇ ਬੱਚਿਆਂ ਦੀ ਸਹੂਲਤ ਲਈ ਖੇਡ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਭਾਈ ਲਾਲੋ ਪੰਜਾਬੀ ਮੰਚ ਦੇ ਹਰਜੀਤ ਸਿੰਘ ਖਿਆਲੀ ਨੇ ਮਜ਼ਦੂਰ ਪਰਿਵਾਰਾਂ ਨਾਲ ਹੋ ਰਹੀ ਬੇਇਨਸਾਫ਼ੀ ਦੀ ਨਿਖੇਧੀ ਕਰਦਿਆਂ ਸੰਘਰਸ਼ ਨੂੰ ਭਰਵੀਂ ਹਮਾਇਤ ਦਾ ਐਲਾਨ ਕੀਤਾ। ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਮਜ਼ਦੂਰ ਪਰਿਵਾਰਾਂ ਨੂੰ ਇਨਸਾਫ਼ ਦੁਆਇਆ ਜਾਵੇ।