ਤਪਾ ਮੰਡੀ, 15 ਜੁਲਾਈ (ਪ੍ਰਵੀਨ ਗਰਗ)-ਤਪਾ ਸ਼ਹਿਰ ਅੰਦਰ ਦਾਖਲ ਹੁੰਦਿਆਂ ਹੀ ਲੋਕਾਂ ਨੂੰ ਜਿੱਥੇ ਕੂੜੇ ਦੇ ਲੱਗੇ ਵੱਡੇ-ਵੱਡੇ ਢੇਰਾਂ ਦੇ ਦਰਸ਼ਨ ਏ ਦੀਦਾਰ ਕਰਨੇ ਪੈ ਰਹੇ ਹਨ ਉੱਥੇ ਦੂਜੇ ਪਾਸੇ ਅਗਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਸਫ਼ਾਈ ਪੱਖੋਂ ਸ਼ਹਿਰ ਦੇ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਕਿਉਂਕਿ ਸਫ਼ਾਈ ਸੇਵਕਾਂ ਦੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ ਦਾ ਅਸਰ ਹੁਣ ਤਪਾ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਦਿਖਾਈ ਦੇਣ ਲੱਗਾ ਹੈ। ਪਿਛਲੇ ਕਈ ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਵਲੋਂ ਆਪਣੇ ਕੰਮ ਛੱਡੇ ਜਾਣ ਕਾਰਨ ਸ਼ਹਿਰ ਦੀਆਂ ਮੇਨ ਸੜਕਾਂ, ਬਾਜ਼ਾਰਾਂ, ਗਲੀਆਂ, ਮੁਹੱਲਿਆਂ ਤੇ ਜਨਤਕ ਥਾਵਾਂ ’ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਜਿਨ੍ਹਾਂ ਵਿਚੋਂ ਬਹੁਤ ਭਿਆਨਕ ਬਦਬੂ ਮਾਰ ਰਹੀ ਹੈ ਅਤੇ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਸਮੇਂ ਆਪਣੇ ਮੂੰਹ ਤੇ ਰੁਮਾਲ ਰੱਖ ਕੇ ਜਾਣਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਹਾਲਾਤਾਂ ਨੂੰ ਦੇਖਦੇ ਇੰਝ ਲੱਗ ਰਿਹਾ ਹੈ ਕਿ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਅਧਿਕਾਰੀ ਸਫ਼ਾਈ ਸੇਵਕਾਂ ਦੀਆਂ ਮੰਗਾਂ ਸਬੰਧੀ ਜ਼ਿਆਦਾ ਗੰਭੀਰ ਨਹੀਂ ਦਿਖਾਈ ਦੇ ਰਹੇ, ਜਦ ਕਿ ਇਸ ਦਾ ਖ਼ਮਿਆਜ਼ਾ ਆਮ ਸ਼ਹਿਰੀਆਂ ਨੂੰ ਭੋਗਣਾ ਪੈ ਰਿਹਾ ਹੈ। ਸੜਕਾਂ ਦੇ ਕਿਨਾਰਿਆਂ ’ਤੇ ਇਕੱਠੀ ਹੋਈ ਗੰਦਗੀ ਸਫ਼ਾਈ ਪ੍ਰਬੰਧਾਂ ਦੀ ਮੌਜੂਦਾ ਸਥਿਤੀ ਨੂੰ ਦਰਸਾ ਰਹੀ ਹੈ। ਜੇਕਰ ਜਲਦ ਹੀ ਕੂੜੇ ਦੀ ਚੁਕਾਈ ਤੇ ਸਫ਼ਾਈ ਦਾ ਕੰਮ ਮੁੜ ਸ਼ੁਰੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਸ਼ਹਿਰ ’ਚ ਸਫ਼ਾਈ ਪ੍ਰਬੰਧਾਂ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੇ ਸੜਕਾਂ ਉੱਪਰ ਖਿੱਲਰਦੇ ਕੂੜੇ ਕਾਰਨ ਇੰਝ ਲੱਗ ਰਿਹਾ ਜਿਵੇਂ ਕਿ ਸ਼ਹਿਰ ਦਾ ਬਾਲੀਵਾਰਸ ਹੀ ਨਾ ਹੋਵੇ।